151 ਸੰਸਦ ਮੈਂਬਰਾਂ, ਵਿਧਾਇਕਾਂ ’ਤੇ ਔਰਤਾਂ ਵਿਰੁੱਧ ਅਪਰਾਧਿਕ ਮਾਮਲੇ, 16 ’ਤੇ ਜਬਰ-ਜ਼ਨਾਹ ਦਾ ਦੋਸ਼
Wednesday, Aug 21, 2024 - 06:48 PM (IST)
ਨਵੀਂ ਦਿੱਲੀ : ਦੇਸ਼ ਦੇ 151 ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਆਪਣੇ ਚੋਣ ਹਲਫਨਾਮਿਆਂ ਵਿਚ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ ਸੰਸਦ ਮੈਂਬਰ ਤੇ ਵਿਧਾਇਕ ਪੱਛਮੀ ਬੰਗਾਲ ਦੇ ਹਨ। ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਦੀ ਇਕ ਰਿਪੋਰਟ ਵਿਚ ਦਿੱਤੀ ਗਈ ਹੈ।
ਏ. ਡੀ. ਆਰ. ਨੇ 2019 ਤੋਂ 2024 ਵਿਚਾਲੇ ਚੋਣਾਂ ਦੌਰਾਨ ਚੋਣ ਕਮਿਸ਼ਨ ਕੋਲ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਜਮ੍ਹਾ ਕਰਵਾਏ ਗਏ 4,809 ਹਲਫਨਾਮਿਆਂ ’ਚੋਂ 4,693 ਦੀ ਜਾਂਚ ਕੀਤੀ ਹੈ। ਜਾਂਚ ਦੌਰਾਨ ਅਜਿਹੇ 16 ਸੰਸਦ ਮੈਂਬਰਾਂ ਤੇ 135 ਵਿਧਾਇਕਾਂ ਦੀ ਪਛਾਣ ਕੀਤੀ ਗਈ, ਜੋ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਅਨੁਸਾਰ ਪੱਛਮੀ ਬੰਗਾਲ ਦਾ ਨਾਂ 25 ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਔਰਤਾਂ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨ ਕਰ ਕੇ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦਾ 21 ਅਤੇ ਓਡਿਸ਼ਾ ਦਾ 17 ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਅਗਲਾ ਨੰਬਰ ਆਉਂਦਾ ਹੈ।
ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਕੋਲਕਾਤਾ ਦੇ ਇਕ ਸਰਕਾਰੀ ਹਸਪਤਾਲ ’ਚ ਇਕ ਸਿਖਿਆਰਥੀ ਡਾਕਟਰ ਨਾਲ ਕਥਿਤ ਜਬਰ-ਜ਼ਨਾਹ ਤੇ ਕਤਲ ਅਤੇ ਮਹਾਰਾਸ਼ਟਰ ਦੇ ਠਾਣੇ ’ਚ ਦੋ ਬੱਚੀਆਂ ਦੇ ਸੈਕਸ ਸ਼ੋਸ਼ਣ ਨੂੰ ਲੈ ਕੇ ਪੂਰੇ ਦੇਸ਼ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਰਿਪੋਰਟ ਅਨੁਸਾਰ 16 ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 376 ਅਧੀਨ ਜਬਰ-ਜ਼ਨਾਹ ਦੇ ਮਾਮਲੇ ਦਰਜ ਹਨ। ਇਸ ਜੁਰਮ ਅਧੀਨ ਘੱਟੋ-ਘੱਟ 10 ਸਾਲ ਦੀ ਸਜ਼ਾ ਹੈ, ਜਿਸ ਨੂੰ ਉਮਰ ਕੈਦ ਤੱਕ ਵਧਾਇਆ ਜਾ ਸਕਦਾ ਹੈ। ਇਨ੍ਹਾਂ ’ਚੋਂ 2 ਸੰਸਦ ਮੈਂਬਰ ਅਤੇ 14 ਵਿਧਾਇਕ ਹਨ। ਦੋਸ਼ਾਂ ’ਚ ਇਕ ਹੀ ਪੀੜਤ ਵਿਰੁੱਧ ਵਾਰ-ਵਾਰ ਅਪਰਾਧ ਦੀਆਂ ਘਟਨਾਵਾਂ ਵੀ ਸ਼ਾਮਲ ਹਨ, ਜੋ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ।
ਏ. ਡੀ. ਆਰ. ਜੋ ਚੋਣ ਸੁਧਾਰਾਂ ਲਈ ਕੰਮ ਕਰ ਰਹੀ ਇਕ ਸੰਸਥਾ ਹੈ, ਨੇ ਸਿਆਸੀ ਪਾਰਟੀਆਂ ਨੂੰ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਖਾਸ ਤੌਰ ’ਤੇ ਔਰਤਾਂ ਵਿਰੁੱਧ ਜਬਰ-ਜ਼ਨਾਹ ਅਤੇ ਹੋਰ ਅਪਰਾਧਾਂ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਿਆਂ ਨੂੰ ਟਿਕਟ ਦੇਣ ਤੋਂ ਗੁਰੇਜ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਰਿਪੋਰਟ ’ਚ ਸੰਸਦ ਮੈਂਬਰਾਂ ਤੇ ਵਿਧਾਇਕਾਂ ਵਿਰੁੱਧ ਅਦਾਲਤੀ ਕੇਸਾਂ ਦੀ ਤੇਜ਼ੀ ਨਾਲ ਸੁਣਵਾਈ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਨਾਲ ਹੀ ਪੁਲਸ ਨੂੰ ਪੇਸ਼ੇਵਾਰਾਨਾ ਢੰਗ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਅਾ ਹੈ।
ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁੱਧ ਸਭ ਤੋਂ ਵੱਧ ਕੇਸ
ਰਿਪੋਰਟ ਮੁਤਾਬਕ ਸਿਆਸੀ ਪਾਰਟੀਆਂ ’ਚੋਂ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਧ 54 ਸੰਸਦ ਮੈਂਬਰ ਅਤੇ ਵਿਧਾਇਕ ਹਨ, ਜਿਨ੍ਹਾਂ ਵਿਰੁੱਧ ਔਰਤਾਂ ਖ਼ਿਲਾਫ਼ ਅਪਰਾਧਾਂ ਦੇ ਮਾਮਲੇ ਦਰਜ ਹਨ। ਇਸ ਤੋਂ ਬਾਅਦ ਕਾਂਗਰਸ ਦੇ 23 ਸੰਸਦ ਮੈਂਬਰ, ਤੇਲਗੂ ਦੇਸ਼ਮ ਪਾਰਟੀ ਦੇ 17 ਸੰਸਦ ਮੈਂਬਰ ਤੇ ਵਿਧਾਇਕ ਹਨ। ਭਾਜਪਾ ਤੇ ਕਾਂਗਰਸ ਦੇ 5 ਮੌਜੂਦਾ ਸੰਸਦ ਮੈਂਬਰ ਤੇ ਵਿਧਾਇਕ ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।