ਹਿਸਾਰ : ਸਰਕਾਰੀ ਸਕੂਲ ਦੇ ਟੀਚਰ ਕਰਦੇ ਸਨ ਵਿਦਿਆਰਥਣਾਂ ਦਾ ਯੌਨ ਸ਼ੋਸ਼ਣ, 2 ਗ੍ਰਿਫਤਾਰ

12/18/2019 3:12:39 PM

ਹਿਸਾਰ— ਹਰਿਆਣਾ ਦੇ ਹਿਸਾਰ ਜ਼ਿਲੇ ਦੇ ਇਕ ਪਿੰਡ 'ਚ ਸਰਕਾਰੀ ਸਕੂਲ 'ਚ 24 ਵਿਦਿਆਰਥਣਾਂ ਦੇ ਯੌਨ ਸ਼ੋਸ਼ਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ 'ਚ ਪੁਲਸ ਨੇ ਮੰਗਲਵਾਰ ਨੂੰ ਵਿਦਿਆਰਥਣਾਂ ਦੇ ਯੌਨ ਸ਼ੋਸ਼ਣ ਦੇ ਦੋਸ਼ੀ ਲੈਬ ਅਸਿਸਟੈਂਟ, ਫਿਜ਼ੀਕਲ ਟਰੇਨਿੰਗ ਇਸਟਰਕਚਰ (ਪੀ.ਟੀ.ਆਈ.) ਨੂੰ ਗ੍ਰਿਫਤਾਰ ਕਰ ਕੇ ਪੋਕਸੋ ਕਾਨੂੰਨ ਦੇ ਅਧੀਨ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਮਾਮਲੇ ਦਾ ਤੀਜਾ ਦੋਸ਼ੀ ਕੰਪਿਊਟਰ ਟੀਚਰ ਫਰਾਰ ਹੈ। ਇਨ੍ਹਾਂ ਵਿਦਿਆਰਥਣਾਂ ਦੇ ਸਕੂਲ 'ਚ ਹੋ ਰਹੇ ਯੌਨ ਸ਼ੋਸ਼ਣ ਦੀ ਸ਼ਿਕਾਇਤ ਬਾਲ ਸੁਰੱਖਿਆ ਅਧਿਕਾਰੀ ਸੁਨੀਤਾ ਯਾਦਵ ਨੇ ਕੀਤੀ ਸੀ। ਸੁਨੀਤਾ ਯਾਦਵ ਅਨੁਸਾਰ, ਸਕੂਲ ਦੇ ਇਹ ਤਿੰਨ ਟੀਚਰ ਅਗਸਤ 2019 ਤੋਂ ਜਮਾਤ 8 ਤੋਂ ਲੈ ਕੇ 10ਵੀਂ ਤੱਕ ਦੀ ਵਿਦਿਆਰਥਣਾਂ ਦਾ ਯੌਨ ਸ਼ੋਸ਼ਣ ਕਰ ਰਹੇ ਸਨ।

ਇਸ ਤਰ੍ਹਾਂ ਹੋਇਆ ਕੇਸ ਦਾ ਖੁਲਾਸਾ
ਸੁਨੀਤਾ ਯਾਦਵ ਨੇ ਪੁਲਸ ਨੂੰ ਦੱਸਿਆ ਕਿ ਕੁੜੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਪਿੰਡ ਦੇ ਮੁਖੀਆ ਤੋਂ ਇਸ ਦੀ ਸ਼ਿਕਾਇਤ ਕੀਤੀ ਸੀ ਪਰ ਇਨ੍ਹਾਂ ਲੋਕਾਂ ਨੇ ਮਾਮਲੇ ਦਾ ਨੋਟਿਸ ਨਹੀਂ ਲਿਆ। ਇਸ ਲਈ ਇਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ। ਇਸ ਤੋਂ ਬਾਅਦ ਸੋਮਵਾਰ ਨੂੰ ਜਦੋਂ ਖੁਦ ਬਾਲ ਸੁਰੱਖਿਆ ਅਧਿਕਾਰੀ ਸਕੂਲ 'ਚ ਗਈਆਂ, ਉਦੋਂ ਜਾ ਕੇ ਪੂਰੇ ਕੇਸ ਦਾ ਖੁਲਾਸਾ ਹੋਇਆ।

ਫੇਲ ਕਰਨ ਦੀ ਦਿੱਤੀ ਜਾਂਦੀ ਸੀ ਧਮਕੀ
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸੁਨੀਤਾ ਨੇ ਕਿਹਾ,''ਮੈਂ ਜਦੋਂ ਲੀਗਲ ਕਮ ਪ੍ਰੋਬੈਸ਼ਨ ਅਫ਼ਸਰ ਨਾਲ 16 ਦਸੰਬਰ ਨੂੰ ਸਕੂਲ ਪਹੁੰਚੀ ਤਾਂ ਉੱਥੇ 24 ਕੁੜੀਆਂ ਨੇ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ ਸਕੂਲ ਦੇ ਲੈਬ ਅਸਿਸਟੈਂਟ, ਪੀ.ਟੀ.ਆਈ. ਅਤੇ ਕੰਪਿਊਟਰ ਟੀਚਰ ਉਨ੍ਹਾਂ ਦਾ ਯੌਨ ਸ਼ੋਸ਼ਣ ਕਰ ਰਹੇ ਸਨ। ਉਹ ਧਮਕੀ ਦਿੰਦੇ ਸਨ ਕਿ ਜੇਕਰ ਪੀੜਤ ਵਿਦਿਆਰਥਣਾਂ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ, ਨਾਲ ਹੀ ਪ੍ਰੀਖਿਆਵਾਂ 'ਚ ਵੀ ਫੇਲ ਕਰ ਦਿੱਤਾ ਜਾਵੇਗਾ।'' ਵਿਦਿਆਰਥਣਾਂ ਨੇ ਕਿਹਾ ਕਿ ਤਿੰਨੋਂ ਦੋਸ਼ੀ ਟੀਚਰ ਉਨ੍ਹਾਂ ਨੂੰ ਜਲਦੀ ਸਕੂਲ ਆਉਣ ਅਤੇ ਦੇਰ ਨਾਲ ਘਰ ਜਾਣ ਲਈ ਮਜ਼ਬੂਰ ਕਰਦੇ ਸਨ। ਹਿਸਾਰ ਪੁਲਸ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਤਿੰਨਾਂ ਵਿਰੁੱਧ ਆਈ.ਪੀ.ਸੀ. ਦੀਆਂ ਹੋਰ ਧਾਰਾਵਾਂ ਨਾਲ ਪੋਕਸੋ ਕਾਨੂੰਨ ਦੇ ਅਧੀਨ ਵੀ ਕੇਸ ਚੱਲੇਗਾ।

ਕੰਪਿਊਟਰ ਟੀਚਰ ਦੀ ਤਲਾਸ਼ ਜਾਰੀ
ਬਾਲ ਸੁਰੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਸੂਕਲ ਦਾ ਸਿਰਫ਼ 25 ਫੀਸਦੀ ਕੈਂਪਸ ਹੀ ਸੀ.ਸੀ.ਟੀ.ਵੀ. ਕੈਮਰੇ 'ਚ ਨਜ਼ਰ ਆਉਂਦਾ ਸੀ। ਕੰਪਿਊਟਰ ਲੈਬ, ਮੈਥ ਲੈਬ ਸਾਇੰਸ ਲੈਬ, ਵਾਸ਼ਰੂਮ ਦੇ ਨੇੜੇ-ਤੇੜੇ ਦਾ ਇਲਾਕਾ ਸੀ.ਸੀ.ਟੀ.ਵੀ. ਕਵਰੇਜ਼ 'ਚ ਨਹੀਂ ਸੀ। ਇੱਥੇ ਵਿਦਿਆਰਥਣਾਂ ਦਾ ਯੌਨ ਸ਼ੋਸ਼ਣ ਹੁੰਦਾ ਸੀ। ਕੇਸ ਦੀ ਜਾਂਚ ਕਰ ਰਹੀ ਸਬ ਇੰਸਪੈਕਟ ਸੁਸ਼ੀਲਾ ਬਾਲਾ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮੰਗਲਵਾਰ ਨੂੰ ਕੋਰਟ 'ਚ ਪੇਸ਼ ਕਰ ਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪੁਲਸ ਫਰਾਰ ਕੰਪਿਊਟਰ ਟੀਚਰ ਦੀ ਤਲਾਸ਼ ਕਰ ਰਹੀ ਹੈ।


DIsha

Content Editor

Related News