ਹਾਈਕੋਰਟ ਦੇ ਜੱਜ ਦੀ ਟਿੱਪਣੀ, ਗਊ ਪਵਿੱਤਰ ਕੌਮੀ ਵਿਰਾਸਤ, ਪਰਮਾਤਮਾ ਅਤੇ ਮਾਂ ਦੇ ਬਰਾਬਰ
Sunday, Jun 11, 2017 - 12:50 AM (IST)

ਹੈਦਰਾਬਾਦ— ਹੈਦਰਾਬਾਦ ਹਾਈਕੋਰਟ ਦੇ ਇਕ ਜੱਜ ਜਸਟਿਸ ਬੀ. ਸ਼ਿਵਾ ਸ਼ੰਕਰ ਰਾਓ ਨੇ ਗਊ ਨੂੰ ਪਵਿੱਤਰ, ਕੌਮੀ ਵਿਰਾਸਤ ਦੱਸਦੇ ਹੋਏ ਕਿਹਾ ਹੈ ਕਿ ਗਊ ਮਾਂ ਅਤੇ ਪਰਮਾਤਮਾ ਦੇ ਬਰਾਬਰ ਹੈ। ਗਊ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਮਿਲਣਾ ਹੀ ਚਾਹੀਦਾ ਹੈ। ਕੁਝ ਦਿਨ ਪਹਿਲਾਂ ਹੀ ਰਾਜਸਥਾਨ ਹਾਈਕੋਰਟ ਨੇ ਵੀ ਗਊ ਨੂੰ ਕੌਮੀ ਪਸ਼ੂ ਦਾ ਦਰਜਾ ਦੇਣ ਦੀ ਗੱਲ ਕਹੀ ਸੀ। ਪਸ਼ੂ ਕਾਰੋਬਾਰੀ ਰਾਮਾਵਤ ਵਲੋਂ ਹਾਈਕੋਰਟ 'ਚ ਦਾਖਲ ਕੀਤੀ ਗਈ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਸ਼ਿਵਾ ਨੇ ਉਕਤ ਗੱਲ ਕਹੀ। ਰਾਮਾਵਤ ਨੇ ਆਪਣੀਆਂ ਜ਼ਬਤ ਕੀਤੀਆਂ ਗਈਆਂ 63 ਗਊਆਂ ਦੀ ਕਸਟਡੀ ਲਈ ਹੇਠਲੀ ਅਦਾਲਤ 'ਚ ਅਪੀਲ ਕੀਤੀ ਸੀ। ਹੇਠਲੀ ਅਦਾਲਤ 'ਚ ਅਪੀਲ ਰੱਦ ਹੋਣ ਪਿਛੋਂ ਉਸ ਨੇ ਹਾਈਕੋਰਟ 'ਚ ਅਪੀਲ ਕੀਤੀ।
ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਉਹ ਗਊਆਂ ਨੂੰ ਚਰਾਉਣ ਲਈ ਆਪਣੇ ਪਿੰਡ ਦੇ ਨੇੜੇ ਪਿੰਡ ਚੰਨ ਪੱਲੀ ਵਿਖੇ ਲੈ ਕੇ ਗਿਆ ਸੀ ਜਦਕਿ ਦੂਜੀ ਧਿਰ ਦਾ ਕਹਿਣਾ ਹੈ ਕਿ ਉਹ ਗਊਆਂ ਨੂੰ ਵੇਚਣ ਲਈ ਲੈ ਕੇ ਗਿਆ ਸੀ ਤਾਂ ਜੋ ਬਕਰੀਦ ਦੌਰਾਨ ਗਊ ਮਾਸ ਵੇਚਿਆ ਜਾ ਸਕੇ। ਜਸਟਿਸ ਬੀ. ਸ਼ਿਵਾ ਨੇ ਰਾਮਾਵਤ ਦੀ ਅਪੀਲ ਨੂੰ ਰੱਦ ਕਰਦੇ ਹੋਏ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ। ਉਨ੍ਹਾਂ ਸੁਪਰੀਮ ਕੋਰਟ ਦੀ ਉਸ ਟਿੱਪਣੀ ਦਾ ਜ਼ਿਕਰ ਕੀਤਾ ਜਿਸ 'ਚ ਕਿਹਾ ਗਿਆ ਸੀ ਕਿ ਮੁਸਲਮਾਨਾਂ ਨੂੰ ਬਕਰੀਦ ਦੇ ਮੌਕੇ 'ਤੇ ਸਿਹਤਮੰਦ ਗਊਆਂ ਨੂੰ ਮਾਰ ਕੇ ਉਨ੍ਹਾਂ ਦਾ ਮਾਸ ਖਾਣ ਦਾ ਕੋਈ ਸੰਵਿਧਾਨਕ ਅਧਿਕਾਰਨ ਨਹੀਂ ਹੈ।