ਬੂਸਟਰ ਡੋਜ਼ ਦੇ ਤੌਰ ’ਤੇ ਹੋਵੇਗੀ ਕੋਵੈਕਸ ਦੀ ਵਰਤੋਂ, ਮਿਲੀ ਮਨਜ਼ੂਰੀ
Friday, Jan 13, 2023 - 01:52 PM (IST)
ਨਵੀਂ ਦਿੱਲੀ- ਦੇਸ਼ ਦੀ ਕੇਂਦਰੀ ਡਰੱਗਜ਼ ਅਥਾਰਟੀ ਦੀ ਇਕ ਮਾਹਿਰ ਕਮੇਟੀ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਦੇ ਐਂਟੀ-ਕੋਵਿਡ ਵੈਕਸੀਨ ਕੋਵੈਕਸ ਨੂੰ ਮਾਰਕੀਟਿੰਗ ਸਬੰਧੀ ਮਨਜ਼ੂਰੀ ਪ੍ਰਦਾਨ ਕਰਨ ਦੀ ਸਿਫਾਰਸ਼ ਕੀਤੀ ਹੈ। ਇਹ ਬੂਸਟਰ ਖੁਰਾਕ ਹੈ ਜੋ ਕੋਵਿਸ਼ੀਲਡ ਜਾਂ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਬਾਲਗਾਂ ਨੂੰ ਲਾਈਆਂ ਜਾਣੀਆਂ ਹਨ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਐੱਸ. ਆਈ. ਆਈ. ਦੇ ਡਾਇਰੈਕਟਰ (ਸਰਕਾਰੀ ਅਤੇ ਰੈਗੂਲੇਟਰੀ ਮਾਮਲੇ), ਪ੍ਰਕਾਸ਼ ਕੁਮਾਰ ਸਿੰਘ ਨੇ ਹਾਲ ਹੀ ’ਚ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (ਡੀ. ਸੀ. ਜੀ. ਆਈ. ) ਨੂੰ ਪੱਤਰ ਲਿਖ ਕੇ ਕੁਝ ਦੇਸ਼ਾਂ ’ਚ ਕੋਵਿਡ-19 ਮਹਾਮਾਰੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਖੁਰਾਕ ਵਜੋਂ ਕੋਵੈਕਸ ਲਈ ਮਨਜ਼ੂਰੀ ਮੰਗੀ ਸੀ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐੱਸ. ਸੀ. ਓ.) ਦੀ ਕੋਵਿਡ-19 ਸਬੰਧੀ ਵਿਸ਼ਾ ਮਾਹਿਰ ਕਮੇਟੀ (ਐੱਸ. ਈ. ਸੀ.) ਨੇ ਬੁੱਧਵਾਰ ਨੂੰ ਇਸ ਮੁੱਦੇ ’ਤੇ ਚਰਚਾ ਕੀਤੀ ਅਤੇ ਕੋਵਿਸ਼ੀਲਡ ਜਾਂ ਕੋਵੈਕਸੀਨ ਦੀਆਂ ਦੋ ਖੁਰਾਕਾਂ ਲੈਣ ਵਾਲਿਆਂ ਬਾਲਗਾਂ ਲਈ ਬੂਸਟਰ ਖੁਰਾਕ ਦੇ ਤੌਰ ’ਤੇ ਕੋਵਿਡ ਵਿਰੋਧੀ ਵੈਕਸੀਨ ਕੋਵੈਕਸ ਲਈ ਮਾਰਕੀਟਿੰਗ ਮਨਜ਼ੂਰੀ ਦੇ ਵਾਸਤੇ ਸਿਫਾਰਸ਼ ਕੀਤੀ।