ਦੇਸ਼ ''ਚ ਲਗਾਤਾਰ ਪੈਰ ਪਸਾਰ ਰਿਹੈ ''ਕੋਰੋਨਾ'', ਇਕ ਦਿਨ ''ਚ ਆਏ 15,968 ਨਵੇਂ ਮਾਮਲੇ
Wednesday, Jun 24, 2020 - 10:32 AM (IST)
ਨਵੀਂ ਦਿੱਲੀ (ਵਾਰਤਾ)— ਦੇਸ਼ 'ਚ ਕੋਰੋਨਾ ਵਾਇਰਸ ਦੀ ਆਫ਼ਤ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧੇ ਦਰਮਿਆਨ ਪਿਛਲੇ 24 ਘੰਟਿਆਂ ਵਿਚ 15,968 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤਰ੍ਹਾਂ ਪੀੜਤ ਮਰੀਜ਼ਾਂ ਦਾ ਅੰਕੜਾ 4.56 ਲੱਖ ਦੇ ਪਾਰ ਪਹੁੰਚ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੇ 15,968 ਨਵੇਂ ਮਾਮਲਿਆਂ ਨਾਲ ਕੁੱਲ ਪੀੜਤਾਂ ਦੀ ਗਿਣਤੀ 4,56,183 ਹੋ ਗਈ ਹੈ। ਇਸ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਨਾਲ 465 ਲੋਕਾਂ ਦੀ ਮੌਤ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 14,476 ਹੋ ਗਈ ਹੈ।
ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਗਿਣਤੀ ਵਿਚ ਇਜਾਫਾ ਹੋ ਰਿਹਾ ਹੈ ਅਤੇ ਇਸ ਸਮੇਂ ਵਿਚ 10,495 ਲੋਕ ਠੀਕ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 2,58,685 ਮਰੀਜ਼ ਰੋਗ ਮੁਕਤ ਹੋ ਚੁੱਕੇ ਹਨ। ਦੇਸ਼ ਵਿਚ ਅਜੇ ਵੀ ਕੋਰੋਨਾ ਵਾਇਰਸ ਦੇ 1,83,022 ਸਰਗਰਮ ਮਾਮਲੇ ਹਨ। ਕੋਰੋਨਾ ਦੀ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ ਹੋਇਆ ਹੈ, ਜਿੱਥੇ ਪਿਛਲੇ 24 ਘੰਟਿਆਂ 'ਚ ਵਾਇਰਸ ਦੇ 3214 ਮਾਮਲੇ ਦਰਜ ਕੀਤੇ ਗਏ ਹਨ ਅਤੇ 248 ਲੋਕਾਂ ਦੀ ਮੌਤ ਹੋਈ। ਇਸ ਦੇ ਨਾਲ ਹੀ ਸੂਬੇ ਵਿਚ ਵਾਇਰਸ ਦੀ ਗਿਣਤੀ ਵੱਧ ਕੇ 1,39,010 ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 6531 ਹੋ ਗਈ ਹੈ। ਦੂਜੇ ਨੰਬਰ 'ਤੇ ਦਿੱਲੀ ਬਣੀ ਹੋਈ ਹੈ, ਜਿੱਥੇ ਵਾਇਰਸ ਕਾਰਨ ਪੀੜਤਾਂ ਦੀ ਗਿਣਤੀ 66 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਦਿੱਲੀ ਵਿਚ ਇਸ ਮਹਾਮਾਰੀ ਨਾਲ ਕੁੱਲ 2301 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਤਾਮਿਲਨਾਡੂ, ਗੁਜਰਾਤ ਅਤੇ ਉੱਤਰ ਪ੍ਰਦੇਸ਼ 'ਚ ਕੋਰੋਨਾ ਦੀ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ।
ਜੇਕਰ ਗੱਲ ਟੈਸਟਿੰਗ ਦੀ ਕੀਤੀ ਜਾਵੇ ਤਾਂ ਭਾਰਤੀ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਮੁਤਾਬਕ ਟੈਸਟਿੰਗ ਵੀ ਵਧਾਈ ਜਾ ਰਹੀ ਹੈ। ਹੁਣ ਤੱਕ 73,52,911 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। 23 ਜੂਨ ਨੂੰ ਕਰੀਬ 2,15,195 ਟੈਸਟ ਕੀਤੇ ਗਏ ਹਨ।