ਕਰਨਾਟਕ ’ਚ ਕੋਰੋਨਾ ਦਾ ਕਹਿਰ, ਜਵਾਹਰ ਨਵੋਦਿਆ ਸਕੂਲ ’ਚ 32 ਵਿਦਿਆਰਥੀ ਆਏ ਕੋਰੋਨਾ ਪਾਜ਼ੇਟਿਵ
Friday, Oct 29, 2021 - 02:26 PM (IST)
ਕੋਡਾਗੁ– ਕਰਨਾਟਕ ’ਚ ਕੋਡਾਗੁ ਦੇ ਇਕ ਸਕੂਲ ’ਚ 32 ਵਿਦਿਆਰਥੀ ਇਕੱਠੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਸ ਕਾਰਨ ਸਕੂਲ ਪ੍ਰਸ਼ਾਸਨ ’ਚ ਹਫੜਾ-ਦਫੜੀ ਮਚ ਗਈ ਹੈ। ਦੱਸ ਦੇਈਏ ਕਿ ਇਹ ਮਾਮਲਾ ਜਵਾਹਰ ਨਵੋਦਿਆ ਸਕੂਲ ਤੋਂ ਸਾਹਮਣੇ ਆਇਆ ਹੈ। ਇਹ ਸਕੂਲ ਕੋਡਾਗੁ ਦੇ ਮਡਿਕੇਰੀ ’ਚ ਹੈ। ਸਕੂਲ ’ਚ ਵਿਦਿਆਰਥੀਆਂ ਤੋਂ ਇਲਾਵਾ ਇਕ ਅਧਿਆਪਕ ਵੀ ਕੋਰੋਨਾ ਪਾਜ਼ੇਟਿਵ ਹੈ। ਕੋਰੋਨਾ ਪਾਜ਼ੇਟਿਵ ਜ਼ਿਆਦਾਤਰ ਵਿਦਿਆਰਥੀ Asymptomatic ਹਨ। ਕੋਰੋਨਾ ਪਾਜ਼ੇਟਿਵ ਪਾਏ ਗਏ ਜ਼ਿਆਦਾਤਰ ਵਿਦਿਆਰਥੀ 9ਵੀਂ ਤੋਂ 12ਵੀਂ ਜਮਾਤ ਦੇ ਹਨ। ਹੋਰ ਵਿਦਿਆਰਥੀਆਂ ਨੂੰ ਵੀ ਅਗਲੇ 7 ਦਿਨਾਂ ਤਕ ਇਕਾਂਤਵਾਸ ’ਚ ਰਹਿਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਪੈਨਿਕ ਨਾ ਹੋਣ ਦੀ ਅਪੀਲ ਕੀਤੀ ਹੈ।
ਕੋਰੋਨਾ ਪਾਜ਼ੇਟਿਵ ਦੀ ਗੱਲ ਕਰੀਏ ਤਾਂ ਕਰਨਾਟਕ ’ਚ ਬੁੱਧਵਾਰ ਨੂੰ ਕੋਵਿਡ-19 ਦੇ 282 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 29,86,835 ਹੋ ਗਈ, ਜਦਕਿ 13 ਹੋਰ ਰੋਗੀਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 38,037 ਪਹੁੰਚ ਗਈ। ਸੂਬੇ ਦੇ ਸਿਹਤ ਵਿਭਾਗ ਦੁਆਰਾ ਜਾਰੀ ਬੁਲੇਟਿਨ ਮੁਤਾਬਕ, ਕਰਨਾਟਕ ’ਚ ਬੀਤੇ 24 ਘੰਟਿਆਂ ਦੌਰਾਨ 349 ਰੋਗੀ ਕੋਰੋਨਾ ਮੁਕਤ ਵੀ ਹੋਏ ਹਨ।
Karnataka: Kodagu Deputy Commissioner Dr BC Satish visits a school in Galibeedu where 32 students tested positive for #COVID19. All students are asymptomatic and are being observed. pic.twitter.com/IoSKUkbTIB
— ANI (@ANI) October 28, 2021
ਸੂਬੇ ’ਚ ਇਸ ਜਾਨਲੇਵਾ ਇਨਫੈਕਸ਼ਨ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 29,40,339 ਹੋ ਗਈ ਹੈ। ਕਰਨਾਟਕ ’ਚ ਕੋਵਿਡ-19 ਦੇ ਇਲਾਜ ਅਧਿਨ ਮਰੀਜ਼ਾਂ ਦੀ ਗਿਣਤੀ 8,430 ਹੈ।
ਓਧਰ, ਬੇਂਗਲੁਰੂ ਸ਼ਹਿਰੀ ਖੇਤਰ ’ਚ ਸਭ ਤੋਂ ਜ਼ਿਆਦਾ 142 ਨਵੇਂ ਮਾਮਲੇ ਸਾਹਮਣੇ ਆਏ ਅਤੇ 6 ਰੋਗੀਆਂ ਦੀ ਮੌਤ ਹੋਈ। ਕਰਨਾਟਕ ’ਚ ਹੁਣ ਤਕ ਕੋਵਿਡ-19 ਰੋਕੂ ਟੀਕੇ ਦੀਆਂ 6.44 ਕਰੋੜ ਤੋਂ ਜ਼ਿਆਦਾ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ’ਚੋਂ 4,90,315 ਲੋਕਾਂ ਨੇ ਬੁੱਧਵਾਰ ਨੂੰ ਟੀਕਾ ਲਗਵਾਇਆ।