ਭਾਰਤ ’ਚ ਕੋਰੋਨਾ ਮਾਮਲਿਆਂ ’ਚ ਗਿਰਾਵਟ ਪਰ ਇਕ ਦਿਨ 4,194 ਮਰੀਜ਼ਾਂ ਦੀ ਮੌਤ
Saturday, May 22, 2021 - 11:45 AM (IST)
ਨਵੀਂ ਦਿੱਲੀ (ਭਾਸ਼ਾ)— ਭਾਰਤ ’ਚ ਕੋਰੋਨਾ ਵਾਇਰਸ ਦੇ ਇਕ ਦਿਨ ’ਚ 2.57 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਵਾਇਰਸ ਦੇ ਰੋਜ਼ਾਨਾ ਆਉਣ ਵਾਲੇ ਮਾਮਲੇ ਲਗਾਤਾਰ 6ਵੇਂ ਦਿਨ 3 ਲੱਖ ਤੋਂ ਹੇਠਾਂ ਰਹੇ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਵਾਇਰਸ ਦੇ ਨਵੇਂ ਮਾਮਲਿਆਂ ਦੇ ਨਾਲ ਹੀ ਦੇਸ਼ ’ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ ਵੱਧ ਕੇ 2,62,89,290 ਹੋ ਗਏ ਹਨ। ਮੰਤਰਾਲਾ ਵਲੋਂ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਇਸ ਮਹਾਮਾਰੀ ਨਾਲ 4,194 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਮਿ੍ਰਤਕਾਂ ਦੀ ਕੁੱਲ ਗਿਣਤੀ 2,95,525 ਹੋ ਗਈ ਹੈ।
ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 29,23,400 ਰਹਿ ਗਈ ਹੈ, ਜੋ ਵਾਇਰਸ ਦੇ ਕੁੱਲ ਮਾਮਲਿਆਂ ਦਾ 11.12 ਫ਼ੀਸਦੀ ਹੈ। ਰਾਸ਼ਟਰੀ ਪੱਧਰ ’ਤੇ ਕੋਵਿਡ-19 ਤੋਂ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦੀ ਦਰ 87.86 ਫ਼ੀਸਦੀ ਹੈ। ਅੰਕੜਿਆਂ ਮੁਤਾਬਕ ਇਸ ਮਹਾਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,30,70365 ਹੋ ਗਈ ਹੈ, ਜਦਕਿ ਮੌਤ ਦਰ 1.12 ਫ਼ੀਸਦੀ ਹੈ। ਦੇਸ਼ ਵਿਚ ਪਿਛਲੇ ਸਾਲ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਵੱਧ ਹੋ ਗਈ ਸੀ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ’ਚ ਇਸ ਸਮੇਂ ਯਾਨੀ ਕਿ ਸ਼ੁੱਕਰਵਾਰ ਤੱਕ 19,33,72,819 ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ 16 ਜਨਵਰੀ 2021 ਨੂੰ ਹੋਈ ਸੀ।
ਓਧਰ ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਦੇਸ਼ ਵਿਚ 21 ਮਈ ਤੱਕ ਕੁੱਲ 32,64,84,155 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ। ਇਨ੍ਹਾਂ ’ਚੋਂ 20,66,285 ਨਮੂਨਿਆਂ ਦੀ ਜਾਂਚ ਸ਼ੁੱਕਰਵਾਰ ਨੂੰ ਕੀਤੀ ਗਈ।