ਦਿੱਲੀ ’ਚ ਕੋਰੋਨਾ ਦਾ ਕਹਿਰ; 5,481 ਨਵੇਂ ਮਾਮਲੇ, 3 ਮਰੀਜ਼ਾਂ ਦੀ ਮੌਤ
Tuesday, Jan 04, 2022 - 06:26 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਮੰਗਲਵਾਰ ਨੂੰ ਕੋਵਿਡ-19 ਦੇ 5,481 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ 16 ਮਈ ਤੋਂ ਬਾਅਦ ਸਭ ਤੋਂ ਵੱਧ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵਾਇਰਸ ਦੀ ਦਰ 8.37 ਫ਼ੀਸਦੀ ਹੋ ਗਈ ਹੈ, ਜਦਕਿ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਦਿੱਲੀ ਦੇ ਸਿਹਤ ਵਿਭਾਗ ਵਲੋਂ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
ਦੱਸ ਦੇਈਏ ਕਿ ਦਿੱਲੀ ’ਚ ਸੋਮਵਾਰ ਨੂੰ ਕੋਵਿਡ-19 ਦੇ 4,099 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ ਵਾਇਰਸ ਦੀ ਦਰ 6.46 ਫ਼ੀਸਦੀ ਸੀ। ਉੱਥੇ ਹੀ ਇਕ ਮਰੀਜ਼ ਦੀ ਮੌਤ ਹੋਈ ਸੀ। ਮਾਹਰਾਂ ਮੁਤਾਬਕ ਦਿੱਲੀ ਵਿਚ ਕੋਵਿਡ-19 ਦੇ ਵੱਧਦੇ ਮਾਮਲਿਆਂ ਲਈ ਮੁੱਖ ਤੌਰ ’ਤੇ ਕੋਰੋਨਾ ਵਾਇਰਸ ਦਾ ਨਵਾਂ ਰੂਪ ‘ਓਮੀਕਰੋਨ’ ਜ਼ਿੰਮੇਵਾਰ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਦਿੱਲੀ ਵਿਚ ਕੋਵਿਡ-19 ਦੇ 531 ਮਰੀਜ਼ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ’ਚੋਂ 41 ਦੇ ਪਾਜ਼ੇਟਿਵ ਹੋਣ ਦਾ ਸ਼ੱਕ ਹੈ। 14 ਮਰੀਜ਼ ਵੈਂਟੀਲੇਟਰ ’ਤੇ ਹਨ। ਕੁੱਲ 308 ਮਰੀਜ਼ ਬਿਨਾਂ ਲੱਛਣ ਵਾਲੇ ਜਾਂ ਹਲਕੇ ਲੱਛਣਾਂ ਵਾਲੇ ਹਨ। ਉਨ੍ਹਾਂ ਨੂੰ ਆਕਸੀਜਨ ਦੀ ਜ਼ਰੂਰਤ ਨਹੀਂ ਪੈ ਰਹੀ ਹੈ।
ਦਿੱਲੀ ’ਚ ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਵੀਕੈਂਡ ਕਰਫਿਊ ਲਾਇਆ ਗਿਆ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਪੂਰੀ ਤਰ੍ਹਾਂ ਕਰਫਿਊ ਰਹੇਗਾ। ਦਿੱਲੀ ’ਚ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਕਰਫਿਊ ਲਾਗੂ ਰਹੇਗਾ।