ਕੋਵਿਡ-19 ਆਫ਼ਤ ਕਾਰਨ ਵਧੇ ਤਣਾਅ ਦੇ ਮਾਮਲੇ, 1300 ਤੋਂ ਵੱਧ ਲੋਕਾਂ ਨੇ ਮੰਗੀ ਮਦਦ

Tuesday, Aug 25, 2020 - 02:40 PM (IST)

ਕੋਵਿਡ-19 ਆਫ਼ਤ ਕਾਰਨ ਵਧੇ ਤਣਾਅ ਦੇ ਮਾਮਲੇ, 1300 ਤੋਂ ਵੱਧ ਲੋਕਾਂ ਨੇ ਮੰਗੀ ਮਦਦ

ਮੁੰਬਈ- ਕੋਵਿਡ-19 ਨਾਲ ਨਜਿੱਠਣ ਲਈ ਕੀਤੀ ਗਈ ਤਾਲਾਬੰਦੀ ਦਰਮਿਆਨ ਮਾਨਸਿਕ ਤਣਾਅ ਅਤੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ 1300 ਤੋਂ ਵੱਧ ਲੋਕਾਂ ਨੇ ਮੈਡੀਕਲ ਮਦਦ ਲਈ ਮਹਾਰਾਸ਼ਟਰ ਸਰਕਾਰ ਨਾਲ ਸੰਪਰਕ ਕੀਤਾ ਹੈ। ਸੂਬੇ ਦੀ ਇਕ ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨਾਲ ਹੀ ਨਿੱਜੀ ਡਾਕਟਰਾਂ ਨੇ ਵੀ ਦਾਅਵਾ ਕੀਤਾ ਕਿ ਪਿਛਲੇ ਕੁਝ ਮਹੀਨਿਆਂ 'ਚ ਲੋਕਾਂ 'ਚ ਪਰੇਸ਼ਾਨੀ ਅਤੇ ਘਰੋਂ ਬਾਹਰ ਜਾਣ 'ਚ ਡਰ ਦੇ ਮਾਮਲੇ ਕਾਫ਼ੀ ਵਧੇ ਹਨ। ਸੂਬਾ ਸਿਹਤ ਵਿਭਾਗ ਦੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਮਹਾਰਾਸ਼ਟਰ ਦੇ 36 ਜ਼ਿਲ੍ਹਿਆਂ 'ਚੋਂ 30 'ਚ 1,302 ਲੋਕ ਡਾਕਟਰਾਂ ਦੀ ਮਦਦ ਲੈ ਰਹੇ ਹਨ।'' ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ 'ਚੋਂ ਕੁਝ ਹਿੰਸਕ ਵਤੀਰੇ ਨਾਲ ਪੀੜਤ ਸਨ, ਜਿਵੇਂ ਲੰਬੇ ਸਮੇਂ ਤੱਕ ਪਰੇਸ਼ਾਨੀ ਦੇ ਨਤੀਜੇ ਵਜੋਂ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਆਦਿ। ਉਨ੍ਹਾਂ ਨੇ ਕਿਹਾ,''ਅੰਕੜਿਆਂ ਨੂੰ ਹੁਣ ਵੀ ਇਕੱਠਾ ਕੀਤਾ ਜਾ ਰਿਹਾ ਹੈ, ਕਿਉਂਕਿ ਕੁਝ ਜ਼ਿਲ੍ਹਿਆਂ ਤੋਂ ਮਾਮਲਿਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਮਾਮਲੇ 1,302 ਤੋਂ ਕਈ ਵੱਧ ਹੋ ਸਕਦੇ ਹਨ।'' ਇਸ ਸਾਲ ਮਾਰਚ ਤੋਂ ਪਹਿਲਾਂ (ਕੋਵਿਡ-19 ਦੇ ਪ੍ਰਕੋਪ ਤੋਂ ਪਹਿਲਾਂ) ਪ੍ਰਸਿੱਧ ਡਾਕਟਰ ਆਨੰਦ ਨਾਡਕਰਨੀ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਓ.ਸੀ.ਡੀ. ਦੇ ਰੋਜ਼ਾਨਾ 6 ਤੋਂ 7 ਮਾਮਲੇ ਸਾਹਮਣੇ ਆਏ ਸਨ ਅਤੇ ਹੁਣ ਹਰ ਦਿਨ 32 ਤੋਂ 36 ਮਾਮਲੇ ਆ ਰਹੇ ਹਨ।

ਉਨ੍ਹਾਂ ਨੇ ਕਿਹਾ,''ਕਈ ਲੋਕ ਓ.ਸੀ.ਡੀ. ਨੂੰ ਬੀਮਾਰੀ ਨਹੀਂ ਮੰਨਦੇ, ਇਸ ਲਈ ਇਹ ਲੰਬੇ ਸਮੇਂ ਤੱਕ ਜੀਵਨ ਪ੍ਰਭਾਵਿਤ ਕਰਦਾ ਹੈ।'' ਮਾਨਸਿਕ ਸਿਹਤ ਮਾਹਰ ਮ੍ਰਿਦੁਲਾ ਆਪਟੇ ਨੇ ਦੱਸਿਆ ਕਿ ਮਹਾਮਾਰੀ ਤੋਂ ਪਹਿਲਾਂ ਹਰ ਹਫ਼ਤੇ ਉਨ੍ਹਾਂ ਕੋਲ ਤਣਾਅ ਸੰਬੰਧੀ 2 ਤੋਂ 3 ਮਾਮਲੇ ਆਉਂਦੇ ਸਨ ਪਰ ਹੁਣ ਰੋਜ਼ਾਨਾ ਘੱਟੋ-ਘੱਟ 3 ਲੋਕ ਇਸ ਸਮੱਸਿਆ ਨੂੰ ਲੈ ਕੇ ਆਉਂਦੇ ਹਨ। ਆਪਟੇ ਦਾ ਪੁਣੇ 'ਚ ਇਕ ਕਲੀਨਿਕ ਹੈ। ਜਨ ਸਿਹਤ ਮਾਹਰ ਅਤੇ ਮਹਾਰਾਸ਼ਟਰ ਸੰਚਾਰੀ ਰੋਗ ਨਿਵਾਰਨ ਅਤੇ ਕੰਟਰੋਲ ਤਕਨੀਕੀ ਕਮੇਟੀ ਦੇ ਪ੍ਰਧਾਨ ਡਾ. ਸੁਭਾਸ਼ ਸਾਲੁੰਕੇ ਨੇ ਕਿਹਾ ਕਿ ਕੋਵਿਡ-19 ਕਾਰਨ ਪੈਦਾ ਪਰੇਸ਼ਾਨੀ ਅਤੇ ਮਾਨਸਿਕ ਤਣਾਅ ਇਕ ਗਲੋਬਲ ਪਰੇਸ਼ਾਨੀ ਬਣ ਗਿਆ ਹੈ। ਉਨ੍ਹਾਂ ਨੇ ਕਿਹਾ,''ਜੋ ਲੋਕ ਪਹਿਲਾਂ ਤੋਂ ਹੀ ਅਜਿਹੀਆਂ ਬੀਮਾਰੀਆਂ ਨਾਲ ਪੀੜਤ ਸਨ, ਉਹ ਬੀਮਾਰੀ ਵਧਣ ਦੀ ਸ਼ਿਕਾਇਤ ਕਰ ਰਹੇ ਸਨ। ਕੁਝ ਲੋਕ ਜਿਨ੍ਹਾਂ 'ਚ ਹਲਕੇ ਲੱਛਣ ਸਨ ਜਾਂ ਉਨ੍ਹਾਂ 'ਚ ਅਜਿਹੀਆਂ ਹੀ ਸਮੱਸਿਆਵਾਂ ਸਨ, ਜਿਨ੍ਹਾਂ ਬਾਰੇ ਕਦੇ ਪਤਾ ਨਹੀਂ ਲੱਗਾ, ਉਹ ਹੁਣ ਸਲਾਹ ਲੈਣਾ ਚਾਹੁੰਦੇ ਹਨ।'' ਸਾਲੁੰਕੇ ਨੇ ਕਿਹਾ ਕਿ ਅਜਿਹੇ ਵੀ ਕਈ ਲੋਕ ਹਨ, ਜਿਨ੍ਹਾਂ ਨੂੰ ਪਹਿਲਾਂ ਅਜਿਹੀ ਕੋਈ ਪਰੇਸ਼ਾਨੀ ਨਹੀਂ ਸੀ ਪਰ ਹੁਣ ਗਲੋਬਲ ਮਹਾਮਾਰੀ ਕਾਰਨ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

DIsha

Content Editor

Related News