ਕੋਵਿਡ-19 : ਦੁਨੀਆ ਦੀ ਅੱਧੀ ਆਬਾਦੀ ਘਰਾਂ 'ਚ ਰਹਿਣ ਨੂੰ ਮਜ਼ਬੂਰ ਤੇ 50,000 ਲੋਕਾਂ ਦੀ ਮੌਤ
Thursday, Apr 02, 2020 - 11:44 PM (IST)
ਵਾਸ਼ਿੰਗਟਨ - ਦੁਨੀਆ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਮੌਤਾਂ ਦਾ ਅੰਕਡ਼ਾ 50 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਹੁਣ ਤੱਕ ਇਹ ਵਾਇਰਸ 50,965 ਲੋਕਾਂ ਦੀ ਜਾਨ ਲੈ ਚੁੱਕਿਆ ਹੈ, ਜਦਕਿ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 995,900 ਪਹੁੰਚ ਗਈ ਹੈ। ਉਥੇ ਹੀ ਕੋਰੋਨਾਵਾਇਰਸ ਕਾਰਨ ਦੁਨੀਆ ਦੀ ਅੱਧੀ ਆਬਾਦੀ ਪ੍ਰਭਾਵਿਤ ਹੋ ਰਹੀ ਹੈ। ਕੋਵਿਡ-19 ਦਾ ਮੁਕਾਬਲਾ ਕਰਨ ਲਈ ਦੁਨੀਆ ਦੀ ਅੱਧੀ ਆਬਾਦੀ ਭਾਵ 3.9 ਅਰਬ ਤੋਂ ਜ਼ਿਆਦਾ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਆਖਿਆ ਜਾ ਰਿਹਾ ਹੈ। ਏ. ਐਫ. ਪੀ. ਵੱਲੋਂ ਵੀਰਵਾਰ ਨੂੰ ਜਾਰੀ ਅੰਕਡ਼ਿਆਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। 90 ਤੋਂ ਜ਼ਿਆਦਾ ਦੇਸ਼ਾਂ ਅਤੇ ਵੱਖ-ਵੱਖ ਖੇਤਰਾਂ ਵਿਚ ਲਾਕਡਾਊਨ, ਕਰਫਿਊ ਲਗਾਏ ਗਏ ਹਨ ਅਤੇ ਕੁਆਰੰਟੀਨ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਦੇਸ਼ ਅਤੇ ਨਾਗਰਿਕਾਂ ਨੂੰ ਇਸ ਵਾਇਰਸ ਦੀ ਮਾਰ ਤੋਂ ਬਚਾਇਆ ਜਾ ਸਕੇ।
ਦੱਸ ਦਈਏ ਕਿ ਪਾਜ਼ੇਟਿਵ ਮਾਮਲਿਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਅਮਰੀਕਾ ਵਿਚ ਦਰਜ ਕੀਤੀ ਗਈ ਹੈ। ਇਥੇ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 2,35,972 ਤੋ ਜ਼ਿਆਦਾ ਹੋ ਗਈ। ਜਿਹਡ਼ੇ ਕਿ ਬੀਤੇ ਕਈ ਦਿਨਾਂ ਤੋਂ ਵੱਡੀ ਗਿਣਤੀ ਵਿਚ ਵਧ ਰਹੀ ਹੈ। ਦੂਜੇ ਨੰਬਰ 'ਤੇ ਇਟਲੀ ਹੈ, ਜਿਥੇ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1,15,242 ਤੋਂ ਕੁਝ ਜ਼ਿਆਦਾ ਹੈ ਅਤੇ 13,915 ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਉਥੇ ਸਪੇਨ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ 1,10,00 ਤੋਂ ਜ਼ਿਆਦਾ ਹੈ ਅਤੇ ਮ੍ਰਿਤਕਾਂ ਦੀ ਗਿਣਤੀ 10,096 ਪਹੁੰਚ ਗਈ ਹੈ। ਜਿਨ੍ਹਾਂ ਤੋਂ ਬਾਅਦ ਜਰਮਨੀ, ਫਰਾਂਸ ਅਤੇ ਈਰਾਨ ਵਰਗੇ ਦੇਸ਼ਾਂ ਵਿਚ ਪਾਜ਼ੇਟਿਵ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ।
14 ਦਿਨਾਂ ਵਿਚ 40,000 ਲੋਕਾਂ ਦੀ ਮੌਤ
ਉਥੇ ਹੀ ਇਟਲੀ ਦੇ ਅੱਜ ਦੇ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਪੂਰੀ ਦੁਨੀਆ ਵਿਚ 50,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 50,965 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ, ਜਿਨ੍ਹਾਂ ਵਿਚੋਂ 2,06,272 ਲੋਕਾਂ ਨੂੰ ਠੀਕ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ 22 ਜਨਵਰੀ ਤੋਂ 19 ਮਾਰਚ ਤੱਕ ਪੂਰੀ ਦੁਨੀਆ ਵਿਚ ਵਾਇਰਸ ਕਾਰਨ 10,030 ਲੋਕ ਮਾਰੇ ਗਏ ਸਨ ਪਰ 19 ਮਾਰਚ ਤੋਂ ਬਾਅਦ ਸਿਰਫ 14 ਦਿਨਾਂ ਵਿਚ ਕਰੀਬ 40,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਦਰਜ ਕੀਤੀ ਜਾ ਚੁੱਕੀ ਹੈ। ਇਸ ਤੋਂ ਅੰਦਾਜਾ ਲਗਾਇਆ ਦਾ ਸਕਦਾ ਹੈ ਕਿ ਕਿਵੇਂ ਕੋਰੋਨਾਵਾਇਰਸ ਹੋਲੀ-ਹੋਲੀ ਘੱਟ ਦਿਨਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਲੈ ਰਿਹਾ ਹੈ।
90 ਦੇਸ਼ਾਂ 'ਚ ਕਰਫਿਊ ਤੇ ਲਾਕਡਾਊਨ
ਦੱਸ ਦਈਏ ਇਹ ਵਾਇਰਸ 180 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਈ ਬੈਠਾ ਹੈ ਅਤੇ ਕਰੀਬ 90 ਖੇਤਰਾਂ ਵਿਚ ਇਸ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ। ਉਥੇ, ਅਮਰੀਕੀ ਅਰਥ ਵਿਵਸਥਾ 'ਤੇ ਕੋਰੋਨਾ ਦਾ ਬੁਰਾ ਪ੍ਰਭਾਵ ਪਿਆ ਹੈ। ਇਥੇ ਬੀਤੇ ਹਫਤੇ 65 ਲੱਖ ਵਰਕਰਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਪਲਾਈ ਕੀਤਾ ਹੈ। ਹੁਣ ਤੱਕ ਦੇ ਇਤਿਹਸ ਵਿਚ ਇਹ ਸਭ ਤੋਂ ਵੱਡੀ ਗਿਣਤੀ ਹੈ। ਬੀਤੇ 2 ਹਫਤਿਆਂ ਵਿਚ ਕਰੀਬ 1 ਕਰੋਡ਼ ਲੋਕ ਭੱਤੇ ਲਈ ਅਪਲਾਈ ਕਰ ਚੁੱਕੇ ਹਨ। ਉਥੇ ਸਪੇਨ ਵਿਚ ਵੀ ਮਾਰਚ ਮਹੀਨੇ ਵਿਚ ਸਮਾਜਿਕ ਸੁਰੱਖਿਆ ਨਾਲ ਜੁਡ਼ੇ 8 ਲੱਖ ਤੋਂ ਜ਼ਿਆਦਾ ਕਾਮਿਆਂ ਇਸ ਤੋਂ ਬਾਹਰ ਹੋ ਗਏ ਹਨ।