ਕੋਰੋਨਾ ਦਾ ਖ਼ੌਫ਼ : ਝੁੱਗੀਆਂ ਵਿਚ ਰਹਿੰਦੇ ਲੋਕਾਂ ਨੂੰ ਕੋਰੋਨਾ ਲਾਗ ਦੀ ਬਿਮਾਰੀ ਦੇ ਫੈਲਣ ਦਾ ਖ਼ਤਰਾ ਵਧੇਰੇ

06/13/2020 1:42:54 PM

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਰੋਜ਼ਾਨਾ 10 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਖ਼ੌਫ਼ ਦਰਮਿਆਨ ਭਾਰਤੀ ਮੈਡੀਕਲ ਸ਼ੋਧ ਪਰੀਸ਼ਦ (ਆਈ. ਸੀ. ਐੱਮ. ਆਰ.) ਦਾ ਕਹਿਣਾ ਹੈ ਕਿ ਹਾਲਾਂਕਿ ਅਜੇ ਦੇਸ਼ ਵਿਚ ਕੋਰੋਨਾ ਦਾ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ ਹੈ ਪਰ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਸਭ ਤੋਂ ਵਧੇਰੇ ਖਤਰਾ ਝੁੱਗੀਆਂ-ਬਸਤੀਆਂ 'ਚ ਰਹਿਣ ਵਾਲੀ ਆਬਾਦੀ ਨੂੰ ਹੋਵੇਗਾ। ਆਈ. ਸੀ. ਐੱਮ. ਆਰ. ਨੇ ਆਮ ਆਬਾਦੀ ਅਤੇ ਕੋਵਿਡ-19 ਕੰਟੇਨਮੈਂਟ ਜ਼ੋਨ 'ਚ ਕੋਰੋਨਾ ਵਾਇਰਸ ਦਾ ਲਾਗ ਫੈਲਣ ਦੀ ਹੱਦ ਦਾ ਪਤਾ ਲਾਉਣ ਲਈ ਕੀਤੇ ਗਏ ਸੀਰੋ ਸਰਵੇ ਦੇ ਸਿੱਟੇ ਦੇ ਆਧਾਰ 'ਤੇ ਇਹ ਗੱਲ ਆਖੀ ਹੈ। 

ਸਰਵੇ ਦੇ ਅੰਕੜਿਆਂ ਦਾ ਮੁਲਾਂਕਣ ਕਰ ਇਹ ਪਤਾ ਲੱਗਾ ਹੈ ਕਿ ਪੇਂਡੂ ਆਬਾਦੀ ਦੀ ਤੁਲਨਾ ਵਿਚ ਸ਼ਹਿਰੀ ਆਬਾਦੀ ਨੂੰ ਕਮਿਊਨਿਟੀ ਟਰਾਂਸਮਿਸ਼ਨ ਦਾ ਖਤਰਾ 1.09 ਗੁਣਾ, ਜਦਕਿ ਸ਼ਹਿਰੀ ਝੁੱਗੀਆਂ-ਬਸਤੀਆਂ ਨੂੰ 1.89 ਗੁਣਾ ਖਤਰਾ ਹੈ। ਦਰਅਸਲ ਇਕ ਕਮਿਊਨਿਟੀ ਵਿਚ ਲੋਕਾਂ ਦੇ ਇਕ ਸਮੂਹ ਦੇ ਖੂਨ ਦੇ ਨਮੂਨੇ ਦਾ ਪਰੀਖਣ ਕਰ ਕੇ ਸੀਰੋ-ਸਰਵੇਖਣ ਕੀਤਾ ਜਾਂਦਾ ਹੈ, ਤਾਂ ਕਿ ਬੀਮਾਰੀ ਦੇ ਪ੍ਰਸਾਰ ਦਾ ਪਤਾ ਲਾਇਆ ਜਾ ਸਕੇ। ਆਈ. ਸੀ. ਐੱਮ. ਆਰ. ਨੇ ਹੋਰ ਏਜੰਸੀਆਂ ਨਾਲ ਮਿਲ ਕੇ ਸੀਰੋ ਸਰਵੇ ਕੀਤਾ ਸੀ, ਜਿਸ 'ਚੋਂ 83 ਜ਼ਿਲਿਆਂ ਵਿਚ 28,595 ਘਰਾਂ ਅਤੇ 26,400 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਆਈ. ਸੀ. ਐੱਮ. ਆਰ. ਦੇ ਜਨਰਲ ਡਾਇਰੈਕਟਰ ਨੇ ਕਿਹਾ ਕਿ ਦੇਸ਼ ਵਿਚ ਵਾਇਰਸ ਤੋਂ ਮੌਤ ਦਰ ਸਿਰਫ 0.08 ਫੀਸਦੀ ਹੈ, ਜੋ ਕਿ ਬਹੁਤ ਘੱਟ ਹੈ। ਇਸ ਦਾ ਮਤਲਬ ਹੋਇਆ ਕਿ ਤਾਲਾਬੰਦੀ ਸਫਲ ਰਿਹਾ ਹੈ। 

ਓਧਰ ਕੇਂਦਰ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ 'ਚ ਲਗਾਤਾਰ ਵੱਧਦਿਆਂ ਮਾਮਲਿਆਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਜੂਨ ਅਤੇ ਅਗਸਤ ਦੇ ਮੱਧ ਵਿਚ ਵਾਇਰਸ ਦੇ ਗੰਭੀਰ ਹਾਲਾਤ ਬਣਨ 'ਤੇ ਸਭ ਤੋਂ ਪ੍ਰਭਾਵਿਤ ਪੰਜ ਸੂਬਿਆਂ- ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਬੈੱਡਾਂ ਅਤੇ ਵੈਂਟੀਲੇਟਰ ਦੀ ਘਾਟ ਹੋ ਜਾਵੇਗੀ। ਇਨ੍ਹਾਂ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਅਗਲੇ 2 ਮਹੀਨਿਆਂ ਵਿਚ ਯੋਜਨਾ ਬਣਾਉਣ ਅਤੇ ਹਸਪਤਾਲਾਂ 'ਚ ਸਿਹਤ ਸਹੂਲਤਾਂ ਵਧਾਉਣ 'ਤੇ ਆਪਣਾ ਧਿਆਨ ਲਾਉਣ।


Tanu

Content Editor

Related News