ਕੀ ਜਾਰੀ ਰਹੇਗਾ ਲਾਕਡਾਊਨ? PM ਮੋਦੀ ਅੱਜ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ

Saturday, Apr 11, 2020 - 10:48 AM (IST)

ਕੀ ਜਾਰੀ ਰਹੇਗਾ ਲਾਕਡਾਊਨ? PM ਮੋਦੀ ਅੱਜ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ 'ਕੋਵਿਡ-19' ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤਕ ਦੇਸ਼ 'ਚ 7,447 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ 'ਚ 21 ਦਿਨਾਂ ਦਾ ਲਾਕਡਾਊਨ ਲਾਗੂ ਹੈ। ਹਾਲਾਂਕਿ ਇਸ ਲਾਕਡਾਊਨ ਨੂੰ ਅੱਗੇ ਵਧਾਇਆ ਜਾਵੇਗਾ ਜਾਂ ਨਹੀਂ, ਇਸ 'ਤੇ ਅੱਜ ਭਾਵ ਸ਼ਨੀਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਸਾਰੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਵੀਡੀਓ ਕਾਨਫਰੰਸਿੰਗ ਜ਼ਰੀਏ ਹੋਣ ਵਾਲੇ ਇਸ ਬੈਠਕ ਵਿਚ ਲਾਕਡਾਊਨ ਨੂੰ 14 ਅਪ੍ਰੈਲ ਤੋਂ ਬਾਅਦ ਵੀ ਵਧਾਉਣ 'ਤੇ ਫੈਸਲਾ ਲਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਕੋਰੋਨਾ ਦੀ ਆਫਤ ਨੂੰ ਦੇਖਦਿਆਂ 24 ਮਾਰਚ ਨੂੰ ਦੇਸ਼ 'ਚ 21 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। 25 ਮਾਰਚ ਤੋਂ ਸ਼ੁਰੂ ਹੋਏ ਇਸ ਲਾਕਡਾਊਨ ਦਾ ਆਖਰੀ ਦਿਨ 14 ਅਪ੍ਰੈਲ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਕਰਨਗੇ।

ਲਾਕਡਾਊਨ 'ਤੇ ਚਰਚਾ ਦੇ ਨਾਲ-ਨਾਲ ਸਰਕਾਰ ਦੀ ਲੋੜਵੰਦਾਂ ਨੂੰ ਦਿੱਤੀ ਜਾਣ ਵਾਲੀ ਮਦਦ ਰਾਸ਼ੀ ਅਤੇ ਰਾਸ਼ਨ ਦੀ ਸਮੀਖਿਆ ਹੋਵੇਗੀ। ਦਰਅਸਲ ਗ੍ਰਹਿ ਮੰਤਰਾਲੇ ਨੇ 14 ਅਪ੍ਰੈਲ ਨੂੰ ਖਤਮ ਹੋਣ ਜਾ ਰਹੇ 21 ਦਿਨਾਂ ਦੇ ਲਾਕਡਾਊਨ 'ਤੇ ਸੂਬਾ ਸਰਕਾਰਾਂ ਤੋਂ ਸੁਝਾਅ ਮੰਗੇ। ਜ਼ਿਆਦਾਤਰ ਸੂਬਿਆਂ ਨੇ ਸੜਕ ਟਰਾਂਸਪੋਰਟ, ਰੇਲ ਅਤੇ ਹਵਾਈ ਸੇਵਾਵਾਂ ਹੋਰ ਵੱਧ ਸਮੇਂ ਤਕ ਮੁਲਤਵੀ ਕੀਤੇ ਜਾਣ ਦਾ ਸੁਝਾਅ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਬੈਠਕ ਤੋਂ ਪਹਿਲਾਂ ਓਡੀਸ਼ਾ 'ਚ 30 ਅਪ੍ਰੈਲ ਅਤੇ ਪੰਜਾਬ 'ਚ 1 ਮਈ ਤਕ ਲਾਕਡਾਊਨ ਵਧਾਉਣ ਦਾ ਫੈਸਲਾ ਲਿਆ ਜਾ ਚੁੱਕਾ ਹੈ।


author

Tanu

Content Editor

Related News