ਰੱਖਿਆ ਸੌਦਿਆਂ 'ਤੇ ਵੀ 'ਕੋਰੋਨਾ' ਦਾ ਅਸਰ, ਤਿੰਨੋਂ ਸੈਨਾਵਾਂ ਨੂੰ ਡੀਲ ਰੋਕਣ ਦਾ ਹੁਕਮ

Thursday, Apr 23, 2020 - 02:03 PM (IST)

ਰੱਖਿਆ ਸੌਦਿਆਂ 'ਤੇ ਵੀ 'ਕੋਰੋਨਾ' ਦਾ ਅਸਰ, ਤਿੰਨੋਂ ਸੈਨਾਵਾਂ ਨੂੰ ਡੀਲ ਰੋਕਣ ਦਾ ਹੁਕਮ

ਨਵੀਂ ਦਿੱਲੀ— ਕੋਰੋਨਾ ਪੂਰੇ ਦੇਸ਼ ਲਈ ਵੱਡੀ ਆਫਤ ਬਣਿਆ ਹੋਇਆ ਹੈ। ਕੋਰੋਨਾ ਦੀ ਆਫਤ ਅਤੇ ਲਾਕਡਾਊਨ ਦਾ ਅਸਰ ਹੁਣ ਰੱਖਿਆ ਸੌਦਿਆਂ 'ਤੇ ਵੀ ਪਿਆ ਹੈ। ਰੱਖਿਆ ਮੰਤਰਾਲਾ ਵਲੋਂ ਤਿੰਨੋਂ ਸੈਨਾਵਾਂ ਦੇ ਰੱਖਿਆ ਬਲਾਂ ਨੂੰ ਆਪਣੇ ਆਧੁਨਿਕੀਕਰਨ ਲਈ ਕੀਤੇ ਜਾ ਰਹੇ ਰੱਖਿਆ ਸੌਦਿਆਂ ਨੂੰ ਕੋਰੋਨਾ ਕਰ ਕੇ ਰੋਕਣ ਲਈ ਕਿਹਾ ਹੈ। ਮੰਤਰਾਲਾ ਦਾ ਕਹਿਣਾ ਹੈ ਕਿ ਕੋਰੋਨਾ ਦੀ ਵਜ੍ਹਾ ਕਰ ਕੇ ਬਜਟ 'ਚ ਕਟੌਤੀ ਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਲਿਆ ਹੈ।

ਰੱਖਿਆ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਫੌਜ, ਜਲ ਸੈਨਾ ਅਤੇ ਹਵਾਈ ਫੌਜ ਨੂੰ ਕਿਹਾ ਗਿਆ ਹੈ ਕਿ ਜਦੋਂ ਤਕ ਦੇਸ਼ 'ਚ ਕੋਰੋਨਾ ਵਾਇਰਸ ਦੀ ਸਥਿਤੀ ਬਣੀ ਰਹਿੰਦੀ ਹੈ, ਉਦੋਂ ਤਕ ਉਹ ਆਪਣੇ ਰੱਖਿਆ ਸੌਦੇ (ਡੀਲ) ਨੂੰ ਰੋਕ ਦੇਵੇ। ਤਿੰਨੋਂ ਸੈਨਾਵਾਂ ਨੂੰ ਸਾਰੇ ਰੱਖਿਆ ਸੌਦਿਆਂ 'ਤੇ ਰੋਕ ਲਾਉਣ ਲਈ ਕਿਹਾ ਗਿਆ ਹੈ, ਜੋ ਕਿ ਵੱਖ-ਵੱਖ ਪੜਾਵਾਂ ਵਿਚ ਹਨ।

ਦੱਸਣਯੋਗ ਹੈ ਕਿ ਭਾਰਤੀ ਹਵਾਈ ਫੌਜ ਫਰਾਂਸ ਤੋਂ 36ਣਰਾਫੇਲ ਲੜਾਕੂ ਜਹਾਜ਼ ਅਤੇ ਰੂਸ ਤੋਂ ਐੱਸ-400 ਹਵਾਈ ਰੱਖਿਆ ਹਥਿਆਰ ਪ੍ਰਣਾਲੀ ਲਈ ਭੁਗਤਾਨ ਕਰਨ ਦੀ ਪ੍ਰਕਿਰਿਆ 'ਚ ਹੈ। ਉੱਥੇ ਹੀ ਜਲ ਸੈਨਾ ਨੇ ਹਾਲ ਹੀ 'ਚ ਅਮਰੀਕਾ ਤੋਂ 24 ਮਲਟੀਰੋਲ ਹੈਲੀਕਾਪਟਰਾਂ ਲਈ ਸਮਝੌਤੇ 'ਤੇ ਦਸਤਖਤ ਕੀਤੇ ਸਨ। ਹੁਣ ਸਾਰੀਆਂ ਰੱਖਿਆ ਡੀਲ ਨੂੰ ਰੋਕ ਦਿੱਤਾ ਗਿਆ ਹੈ। ਹਾਲਾਤ ਆਮ ਹੋਣ ਤੋਂ ਬਾਅਦ ਡੀਲ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਦੱਸ ਦੇਈਏ ਕਿ ਕੇਂਦਰ ਦੇ ਨਾਲ-ਨਾਲ ਕਈ ਸੂਬੇ ਦੀਆਂ ਸਰਕਾਰਾਂ ਨੇ ਆਰਥਿਕ ਚੁਣੌਤੀਆਂ ਨੂੰ ਦੇਖਦਿਆਂ ਕਈ ਸਖਤ ਫੈਸਲੇ ਲਏ ਹਨ।


author

Tanu

Content Editor

Related News