''ਕੋਰੋਨਾ'' ਨਾਲ ਜੰਗ : PM ਕੇਅਰਸ ਫੰਡ ''ਚੋਂ ਦਿੱਤੇ ਜਾਣਗੇ 50 ਹਜ਼ਾਰ ਵੈਂਟੀਲੇਟਰ

06/23/2020 2:55:59 PM

ਨਵੀਂ ਦਿੱਲੀ (ਵਾਰਤਾ)— ਪੀ. ਐੱਮ. ਕੇਅਰਸ ਫੰਡ ਟਰੱਸਟ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਰਕਾਰ ਦੇ ਕੋਵਿਡ ਹਸਪਤਾਲਾਂ ਨੂੰ 50 ਹਜ਼ਾਰ 'ਮੇਡ ਇਨ ਇੰਡੀਆ' ਵੈਂਟੀਲੇਟਰ ਦੀ ਸਪਲਾਈ ਲਈ 2,000 ਕਰੋੜ ਰੁਪਏ ਅਲਾਟ ਕੀਤੇ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ 50 ਹਜ਼ਾਰ ਵੈਂਟੀਲੇਟਰਾਂ ਵਿਚੋਂ 30 ਹਜ਼ਾਰ ਵੈਂਟੀਲੇਟਰ ਸਰਕਾਰੀ ਕੰਪਨੀ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਬਣਾ ਰਹੀ ਹੈ। ਬਾਕੀ 20 ਹਜ਼ਾਰ ਵੈਂਟੀਲੇਟਰ ਏਗਵਾ ਹੈਲਥ ਕੇਅਰ ਅਤੇ 10 ਹਜ਼ਾਰ ਏ. ਐੱਮ. ਟੀ. ਜ਼ੈੱਡ ਬੇਸਿਕ ਬਣਾ ਰਹੀ ਹੈ। 

ਹੁਣ ਤੱਕ 2,923 ਵੈਂਟੀਲੇਟਰ ਬਣਾਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 1,340 ਵੈਂਟੀਲੇਟਰਾਂ ਦੀ ਸਪਲਾਈ ਸੂਬਿਆਂ ਨੂੰ ਕਰ ਦਿੱਤੀ ਗਈ ਹੈ। ਵੈਂਟੀਲੇਟਰ ਹਾਸਲ ਕਰਨ ਵਾਲੇ ਮੁੱਖ ਸੂਬਿਆਂ ਵਿਚ ਮਹਾਰਾਸ਼ਟਰ, ਦਿੱਲੀ, ਗੁਜਰਾਤ, ਬਿਹਾਰ, ਕਰਨਾਟਕ ਅਤੇ ਰਾਜਸਥਾਨ ਸ਼ਾਮਲ ਹਨ। ਜੂਨ 2020 ਦੇ ਅਖੀਰ ਤੱਕ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਨੂੰ ਵਾਧੂ 14,000 ਵੈਂਟੀਲੇਟਰਾਂ ਦੀ ਸਪਲਾਈ ਕਰ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੇ ਕਲਿਆਣ ਲਈ ਸੂਬਿਆਂ ਨੂੰ 1,000 ਕਰੋੜ ਰੁਪਏ ਦੀ ਧਨ ਰਾਸ਼ੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਮਦਦ ਨੂੰ ਪ੍ਰਵਾਸੀਆਂ ਦੀ ਪਨਾਹ, ਖਾਣਾ, ਡਾਕਟਰੀ ਇਲਾਜ ਅਤੇ ਟਰਾਂਸਪੋਰਟ ਦੀ ਵਿਵਸਥਾ ਵਿਚ ਵਰਤੋਂ ਕੀਤਾ ਜਾਣਾ ਹੈ। ਇਸ ਧਨ ਰਾਸ਼ੀ ਨੂੰ ਹਾਸਲ ਕਰਨ ਵਾਲਿਆਂ ਵਿਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ, ਦਿੱਲੀ, ਪੱਛਮੀ ਬੰਗਾਲ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਕਰਨਾਟਕ ਸ਼ਾਮਲ ਹਨ।


Tanu

Content Editor

Related News