ਦਿੱਲੀ ਦੇ ਡਾਕਟਰਾਂ ਨੇ ਸਮੂਹਕ ਅਸਤੀਫੇ ਦੀ ਦਿੱਤੀ ਧਮਕੀ, ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

Thursday, Jun 11, 2020 - 10:22 AM (IST)

ਦਿੱਲੀ ਦੇ ਡਾਕਟਰਾਂ ਨੇ ਸਮੂਹਕ ਅਸਤੀਫੇ ਦੀ ਦਿੱਤੀ ਧਮਕੀ, ਕਈ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ

ਨਵੀਂ ਦਿੱਲੀ— ਦਿੱਲੀ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 33 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਇਸ ਦਰਮਿਆਨ ਕੋਰੋਨਾ ਨਾਲ ਜੰਗ ਲੜ ਰਹੇ ਕਈ ਹਸਪਤਾਲਾਂ ਦੇ ਡਾਕਟਰਾਂ ਨੇ ਸਮੂਹਕ ਅਸਤੀਫੇ ਦੀ ਧਮਕੀ ਦਿੱਤੀ ਹੈ। ਦਰਅਸਲ ਦਿੱਲੀ ਦੇ ਕਈ ਹਸਪਤਾਲ ਵਿਚ ਡਾਕਟਰਾਂ ਨੂੰ ਤਿੰਨ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਹੈ। ਹਿੰਦੂ ਰਾਵ ਹਸਪਤਾਲ ਅਤੇ ਕਸਤੂਰਬਾ ਹਸਪਤਾਲ ਸਮੇਤ ਕਈ ਹਸਪਤਾਲਾਂ ਦੇ ਡਾਕਟਰਾਂ ਨੂੰ ਤਿੰਨ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਹੈ। 

ਹਿੰਦੂ ਰਾਵ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਨੇ ਮੈਡੀਕਲ ਸੁਪਰਡੈਂਟ ਨੂੰ ਚਿੱਠੀ ਲਿਖ ਕੇ 4 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਦਾ ਮੁੱਦਾ ਚੁੱਕਿਆ ਹੈ। ਡਾਕਟਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਤਨਖਾਹ ਨਹੀਂ ਮਿਲਦੀ ਤਾਂ ਉਹ ਕੰਮ ਨਹੀਂ ਕਰਨਗੇ। ਨਾਲ ਹੀ ਡਾਕਟਰਾਂ ਨੇ ਧਮਕੀ ਵੀ ਦਿੱਤੀ ਹੈ ਕਿ ਜੇਕਰ 18 ਜੂਨ ਤੱਕ ਤਨਖ਼ਾਹ ਨਹੀਂ ਮਿਲੀ ਤਾਂ ਉਹ ਆਪਣਾ ਅਸਤੀਫਾ ਦੇ ਦੇਣਗੇ। ਇਸ ਤਰ੍ਹਾਂ ਹੀ ਕਸਤੂਰਬਾ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਨੇ ਕਿਹਾ ਕਿ ਸਾਨੂੰ ਪਿਛਲੇ 3 ਮਹੀਨੇ (ਮਾਰਚ, ਅਪ੍ਰੈਲ ਅਤੇ ਮਈ) ਦੀ ਤਨਖ਼ਾਹ ਨਹੀਂ ਮਿਲੀ ਹੈ। ਇਹ ਸਮਾਂ ਹੜਤਾਲ 'ਤੇ ਜਾਣ ਦਾ ਨਹੀਂ, ਇਸ ਲਈ ਅਸੀਂ ਸਮੂਹਕ ਅਸਤੀਫਾ ਦੇਣ ਦਾ ਫੈਸਲਾ ਲਿਆ ਹੈ। 

ਦੱਸਣਯੋਗ ਹੈ ਕਿ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਇਜਾਫਾ ਹੋ ਰਿਹਾ ਹੈ। ਇੱਥੇ ਬੁੱਧਵਾਰ ਨੂੰ 24 ਘੰਟਿਆਂ ਵਿਚ 1501 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਕ ਦਿਨ ਵਿਚ 48 ਮਰੀਜ਼ਾਂ ਦੀ ਜਾਨ ਗਈ ਹੈ। ਇਸ ਦਰਮਿਆਨ 384 ਲੋਕ ਸਿਹਤਯਾਬ ਵੀ ਹੋਏ ਹਨ। ਦਿੱਲੀ 'ਚ ਕੋਰੋਨਾ ਨਾਲ ਹੁਣ ਤੱਕ 32,810 ਲੋਕ ਪੀੜਤ ਹਨ। ਹੁਣ ਤੱਕ 984 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜਿਹੇ ਵਿਚ ਡਾਕਟਰਾਂ ਨੇ ਸਮੂਹਕ ਅਸਤੀਫੇ ਦੇ ਧਮਕੀ ਨੇ ਦਿੱਲੀ ਦੀ ਚਿੰਤਾ ਵਧਾ ਦਿੱਤੀ ਹੈ।


author

Tanu

Content Editor

Related News