ਕੋਰੋਨਾ ਦਾ ਖ਼ਤਰਾ; ਮਹਾਰਾਸ਼ਟਰ ਸਰਕਾਰ ਦਾ ਫ਼ੈਸਲਾ, ਨਾਗਪੁਰ ਸ਼ਹਿਰ ’ਚ ਲਾਈ ‘ਤਾਲਾਬੰਦੀ’
Thursday, Mar 11, 2021 - 01:40 PM (IST)
ਨਾਗਪੁਰ— ਦੇਸ਼ ਭਰ ਵਿਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਕੇਸ ਵਧ ਰਹੇ ਹਨ। ਮਹਾਰਾਸ਼ਟਰ ਵਿਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਕਾਰਨ ਹਾਲਾਤ ਦਿਨ-ਬ-ਦਿਨ ਭਿਆਨਕ ਹੁੰਦੇ ਜਾ ਰਹੇ ਹਨ। ਮਹਾਰਾਸ਼ਟਰ ਸਰਕਾਰ ਨੇ ਵੱਧਦੇ ਕੇਸਾਂ ਨੂੰ ਵੇਖਦਿਆਂ ਨਾਗਪੁਰ ਸ਼ਹਿਰ ਵਿਚ ਇਕ ਹਫ਼ਤੇ ਲਈ ਪੂਰਨ ਤਾਲਾਬੰਦੀ ਲਾ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਿਤਿਨ ਰਾਊਤ ਨੇ ਵੀਰਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਸ਼ਹਿਰ ਵਿਚ 15 ਤੋਂ 21 ਮਾਰਚ ਤੱਕ ਪੂਰਨ ਤਾਲਾਬੰਦੀ ਰਹੇਗੀ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਵੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਰਹੇਗੀ।
ਦੱਸ ਦੇਈਏ ਕਿ ਮਹਾਰਾਸ਼ਟਰ, ਕੇਰਲ, ਪੰਜਾਬ, ਤਾਮਿਲਨਾਡੂ, ਗੁਜਰਾਤ ਅਤੇ ਕਰਨਾਟਕ ’ਚ ਕੋਵਿਡ-19 ਦੇ ਕੇਸਾਂ ’ਚ ਵਾਧਾ ਹੋ ਰਿਹਾ ਹੈ। ਇਨ੍ਹਾਂ 6 ਸੂਬਿਆਂ ’ਚੋਂ ਕੋਵਿਡ-19 ਦੇ ਕੇਸ ਮਹਾਰਾਸ਼ਟਰ ’ਚ ਸਭ ਤੋਂ ਵਧੇਰੇ ਹਨ। ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਸੂਬੇ ਦੇ ਊਧਵ ਠਾਕਰੇ ਸਰਕਾਰ ਨੇ ਨਾਗਪੁਰ ਸ਼ਹਿਰ ’ਚ ਤਾਲਾਬੰਦੀ ਲਾਉਣ ਦਾ ਵੱਡਾ ਫ਼ੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਚ ਇਕ ਦਿਨ ’ਚ 13,659 ਨਵੇਂ ਕੇਸ ਸਾਹਮਣੇ ਆਉਣ ਮਗਰੋਂ ਪੀੜਤਾਂ ਦੀ ਗਿਣਤੀ 22,52,057 ਹੋ ਗਈ ਹੈ। ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 54 ਹੋਰ ਰੋਗੀਆਂ ਦੀ ਮੌਤ ਮਗਰੋਂ ਮਿ੍ਰਤਕਾਂ ਦੀ ਗਿਣਤੀ 52,610 ਹੋ ਗਈ ਹੈ। ਉੱਥੇ ਹੀ ਨਾਗਪੁਰ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 2,43,726 ਕੇਸ ਸਾਹਮਣੇ ਆ ਚੁੱਕੇ ਹਨ।