ਭਾਰਤ ''ਚ ''ਕੋਰੋਨਾ'' ਪਸਾਰ ਰਿਹਾ ਤੇਜ਼ੀ ਨਾਲ ਪੈਰ, 114 ਲੋਕਾਂ ਦੀ ਮੌਤ
Tuesday, Apr 07, 2020 - 10:55 AM (IST)
ਨਵੀਂ ਦਿੱਲੀ— ਜਾਨਲੇਵਾ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਸਮੇਤ ਭਾਰਤ 'ਚ ਵੀ ਤਬਾਹੀ ਮਚਾ ਰੱਖੀ ਹੈ। ਭਾਰਤ 'ਚ ਵੀ ਕੋਰੋਨਾ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਇੱਥੇ ਇਸ ਮਹਾਮਾਰੀ ਨਾਲ 114 ਲੋਕ ਮੌਤ ਦੇ ਮੂੰਹ 'ਚ ਚੱਲੇ ਗਏ ਹਨ ਅਤੇ ਹੁਣ ਤਕ ਦੇਸ਼ 'ਚ 4421 ਮਾਮਲੇ ਸਾਹਮਣੇ ਆ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ 325 ਲੋਕ ਇਸ ਜਾਨਲੇਵਾ ਵਾਇਰਸ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 354 ਕੇਸ ਨਵੇਂ ਆਏ ਹਨ ਅਤੇ 5 ਲੋਕਾਂ ਦੀ ਮੌਤ ਹੋਈ ਹੈ।
ਇਸ ਵਾਇਰਸ ਨਾਲ ਨਜਿੱਠਣ ਲਈ ਦੇਸ਼ 'ਚ 21 ਦਿਨਾਂ ਦਾ ਲਾਕਡਾਊਨ ਹੈ, ਜੋ ਕਿ 14 ਅਪ੍ਰੈਲ ਤਕ ਜਾਰੀ ਰਹੇਗਾ। ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ। ਭਾਰਤ ਦੇ ਕਰੀਬ 31 ਸੂਬਿਆਂ 'ਚ ਇਹ ਵਾਇਰਸ ਫੈਲ ਚੁੱਕਾ ਹੈ। ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ ਵਿਚ ਹਨ, ਜਿੱਥੇ 52 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੇਰਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ 'ਚ ਇਹ ਵਾਇਰਸ ਸਭ ਤੋਂ ਜ਼ਿਆਦਾ ਪੈਰ ਪਸਾਰ ਰਿਹਾ ਹੈ।
ਸਿਹਤ ਮੰਤਰਾਲਾ ਮੁਤਾਬਕ ਦਿੱਲੀ ਸਥਿਤ ਨਿਜ਼ਾਮੂਦੀਨ ਤਬਲੀਗੀ ਜਮਾਤ ਦੇ ਮਰਕਜ਼ ਕਾਰਨ ਮਾਮਲੇ ਜ਼ਿਆਦਾ ਵਧੇ ਹਨ। ਮੰਤਰਾਲਾ ਨੇ ਕੱਲ ਸਪੱਸ਼ਟ ਕੀਤਾ ਕਿ 1445 ਕੇਸ ਤਬਲੀਗੀ ਜਮਾਤ ਨਾਲ ਜੁੜੇ ਹਨ। ਇਸ ਲਈ ਜਮਾਤ ਨਾਲ ਜੁੜੇ ਅਤੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ 25,000 ਦੇ ਕਰੀਬ ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਦੱਸ ਦੇਈਏ ਕਿ ਦੁਨੀਆ ਭਰ 'ਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 74,679 ਹੋ ਗਿਆ ਹੈ, ਜਦਕਿ 13 ਲੱਖ ਤੋਂ ਵਧਰੇ ਲੋਕ ਵਾਇਰਸ ਦੀ ਲਪੇਟ 'ਚ ਹਨ।
ਇਹ ਵੀ ਪੜ੍ਹੋ : ਵਿਸ਼ਵ ਭਰ 'ਚ 74 ਹਜ਼ਾਰ ਤੋਂ ਵੱਧ ਮੌਤਾਂ, ਜਾਣੋ ਕੈਨੇਡਾ, ਇਟਲੀ ਤੇ ਸਪੇਨ ਦਾ ਹਾਲ