ਕੋਵਿਡ-19: 17 ਮਹੀਨਿਆਂ ਬਾਅਦ ਭਲਕੇ ਬਹਾਲ ਹੋਵੇਗੀ ਇੰਦੌਰ-ਦੁਬਈ ਦੀ ਉਡਾਣ

Tuesday, Aug 31, 2021 - 06:29 PM (IST)

ਇੰਦੌਰ (ਭਾਸ਼ਾ)— ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੀ ਇੰਦੌਰ-ਦੁਬਈ ਉਡਾਣ ਕਰੀਬ 17 ਮਹੀਨੇ ਦੇ ਲੰਬੇ ਵਕਫ਼ੇ ਮਗਰੋਂ ਬੁੱਧਵਾਰ ਯਾਨੀ ਕਿ ਕੱਲ੍ਹ ਬਹਾਲ ਹੋਵੇਗੀ। ਮੱਧ ਪ੍ਰਦੇਸ਼ ਦੀ ਇਸ ਇਕਲੌਤੀ ਸਿੱਧੀ ਕੌਮਾਂਤਰੀ ਉਡਾਣ ਦਾ ਪਰਿਚਾਲਨ ਕੋਵਿਡ-19 ਦੇ ਕਹਿਰ ਕਾਰਨ ਮਾਰਚ 2020 ’ਚ ਰੋਕ ਦਿੱਤਾ ਗਿਆ ਸੀ, ਜਿਸ ਨੂੰ ਮਹਾਮਾਰੀ ਦੀ ਸਥਿਤੀ ਕੰਟਰੋਲ ’ਚ ਆਉਣ ਮਗਰੋਂ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇੰਦੌਰ-ਦੁਬਈ ਉਡਾਣ ਦੀ ਬਹਾਲੀ ਨੂੰ ਲੈ ਕੇ ਇੱਥੇ ਦੇਵੀ ਅਹਿਲਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ਵਿਚ ਆਯੋਜਿਤ ਪ੍ਰੋਗਰਾਮ ’ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਯ ਸਿੰਧੀਆ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀਡੀਓ ਕਾਨਫਰੰਸ ਜ਼ਰੀਏ ਸ਼ਿਰਕਤ ਕਰਨਗੇ।

ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦਾ ਜਹਾਜ਼ ਹਰ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਇੰਦੌਰ ਤੋਂ ਦੁਪਹਿਰ 12:35 ਵਜੇ ਉਡਾਣ ਭਰ ਕੇ ਦੁਪਹਿਰ 3:05 ਵਜੇ ਦੁਬਈ ਪਹੁੰਚੇਗਾ। ਵਾਪਸੀ ਵਿਚ ਇਹ ਜਹਾਜ਼ ਦੁਬਈ ਤੋਂ ਹਰ ਬੁੱਧਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਸਮੇਂ ਮੁਤਾਬਕ ਸ਼ਾਮ 4:05 ਵਜੇ ਰਵਾਨਾ ਹੋ ਕੇ ਰਾਤ 8:05 ਵਜੇ ਇੰਦੌਰ ਆਵੇਗਾ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਉਡਾਣ ਦੇ ਬਹਾਲ ਹੋਣ ਨਾਲ ਮੱਧ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਸੈਰ-ਸਪਾਟਾ ਅਤੇ ਕਾਰੋਬਾਰ ਨੂੰ ਹੱਲਾ-ਸ਼ੇਰੀ ਮਿਲੇਗੀ। ਦੱਸ ਦੇਈਏ ਕਿ ਯਾਤਰੀਆਂ ਦੀ ਵਰਿ੍ਹਆਂ ਪੁਰਾਣੀ ਮੰਗ ਦੇ ਆਧਾਰ ’ਤੇ ਇੰਦੌਰ-ਦੁਬਈ ਉਡਾਣ 15 ਜੁਲਾਈ 2019 ਨੂੰ ਸ਼ੁਰੂ ਹੋਈ ਸੀ।
 


Tanu

Content Editor

Related News