ਪੁਲਸ ਕਰਮਚਾਰੀ ਨੇ ਪਲਾਜ਼ਮਾ ਦੇ ਕੇ ਬਚਾਈ ਗਰਭਵਤੀ ਕੋਰੋਨਾ ਮਰੀਜ਼ ਦੀ ਜਾਨ
Thursday, May 13, 2021 - 10:45 AM (IST)
 
            
            ਨਵੀਂ ਦਿੱਲੀ– ਰਾਜਧਾਨੀ ਦਿੱਲੀ ਦੇ ਰੂਪ ਨਗਰ ਥਾਣੇ ’ਚ ਤਾਇਨਾਤ ਸਭ ਇੰਸਪੈਕਟਰ ਆਕਾਸ਼ਦੀਪ ਨੇ ਪਲਾਜ਼ਮਾ ਦਾਨ ਕਰਕੇ ਕੋਰੋਨਾ ਪੀੜਤ 21 ਹਫਤੇ ਦੀ ਗਰਭਵਤੀ ਔਰਤ ਦੀ ਜਾਨ ਬਚਾਅ ਲਈ। ਔਰਤ ਨੇ ਹਾਲਤ ’ਚ ਸੁਧਾਰ ਹੋਣ ’ਤੇ ਫੋਨ ਕਰ ਕੇ ਦਿੱਲੀ ਪੁਲਸ ਅਤੇ ਆਕਾਸ਼ਦੀਪ ਦਾ ਧੰਨਵਾਦ ਵੀ ਕੀਤਾ।
ਦਰਅਸਲ, ਦੁਆਰਕਾ ਨਿਵਾਸੀ ਸੁਜਾਤਾ ਸੁਮਨ, ਜੋ 21 ਹਫਤਿਆਂ ਦੀ ਗਰਭਵਤੀ ਹੈ, ਕੋਵਿਡ ਪੀੜਤ ਹੋਣ ਕਾਰਨ ਉੱਤਮ ਨਗਰ ਦੇ ਹਸਪਤਾਲ ’ਚ ਦਾਖਲ ਹੈ। ਡਾਕਟਰਾਂ ਨੇ ਹਾਲਤ ਵਿਚ ਸੁਧਾਰ ਨਾਂ ਹੋਣ ’ਤੇ ਉਸਦੇ ਪਰਿਵਾਰ ਨੂੰ ਪਲਾਜ਼ਮਾ ਦੀ ਵਿਵਸਥਾ ਕਰਨ ਲਈ ਕਿਹਾ। ਜਦੋਂ ਡੋਨਰ ਦੀ ਵਿਵਸਥਾ ਨਾਂ ਹੋਈ ਤਾਂ ਪਰਿਵਾਰ ਨੇ ਟਵੀਟ ਕਰ ਕੇ ਦਿੱਲੀ ਪੁਲਸ ਤੋਂ ਮਦਦ ਮੰਗੀ। ਰੂਪ ਨਗਰ ਥਾਣੇ ਵਿਚ ਤਾਇਨਾਤ ਆਕਾਸ਼ਦੀਪ ਨੇ ਦਿੱਲੀ ਪੁਲਸ ਦੀ ਪਲਾਜ਼ਮਾ ਡੋਨਰ ਸਾਈਟ ’ਤੇ ਰਜਿਸਟ੍ਰੇਸ਼ਨ ਕਰਾਈ ਹੋਈ ਸੀ । ਸੂਚਨਾ ਮਿਲਣ ’ਤੇ ਸੋਮਵਾਰ ਨੂੰ ਆਕਾਸ਼ਦੀਪ ਨੇ ਆਪਣਾ ਪਲਾਜ਼ਮਾ ਕੱਢਵਾ ਕੇ ਮਰੀਜ਼ ਤਕ ਪਹੁੰਚਾਇਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            