ਇੰਦੌਰ ''ਚ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੀ 80 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਮੌਤ

Tuesday, May 24, 2022 - 01:08 PM (IST)

ਇੰਦੌਰ ''ਚ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁਕੀ 80 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਮੌਤ

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਕੋਰੋਨਾ ਵਾਇਰਸ ਸੰਕਰਮਣ ਦੇ ਨਾਲ ਹੀ ਦਿਲ ਦੀ ਬੀਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਪੁਰਾਣੀਆਂ ਬੀਮਾਰੀਆਂ ਨਾਲ ਜੂਝ ਰਹੀ 80 ਸਾਲਾ ਬਜ਼ੁਰਗ ਔਰਤ ਦੀ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮੁੱਖ ਡਾਕਟਰ ਅਤੇ ਸਿਹਤ ਅਧਿਕਾਰੀ (ਸੀ.ਐੱਮ.ਐੱਚ.ਓ.) ਡਾ. ਬੀ.ਐੱਸ. ਸੈਤਿਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕਰੀਬ 6 ਮਹੀਨੇ ਦੇ ਲੰਬੇ ਅੰਤਰਾਲ ਤੋਂ ਬਾਅਦ ਮਹਾਮਾਰੀ ਨਾਲ ਕਿਸੇ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸੀ.ਐੱਮ.ਐੱਚ.ਓ. ਨੇ ਦੱਸਿਆ ਕਿ 80 ਸਾਲਾ ਔਰਤ ਨੇ ਇੰਦੌਰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਸੋਮਵਾਰ ਨੂੰ ਆਖ਼ਰੀ ਸਾਹ ਲਿਆ।

ਸੈਤਿਆ ਨੇ ਕਿਹਾ,''ਲੰਬੇ ਸਮੇਂ ਤੋਂ ਦਿਲ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਔਰਤ ਨੂੰ ਸਿਹਤ ਵਿਗੜਨ ਕਾਰਨ ਐਤਵਾਰ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਜਾਂਚ 'ਚ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ।'' ਸੀ.ਐੱਮ.ਐੱਚ.ਓ. ਨੇ ਦੱਸਿਆ ਕਿ ਔਰਤ ਨੇ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਰੱਖੀਆਂ ਸਨ ਪਰ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਦੱਸਣਯੋਗ ਹੈ ਕਿ ਇੰਦੌਰ, ਸੂਬੇ 'ਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਹੈ। ਹਾਲਾਂਕਿ, ਇੰਨੀਂ ਦਿਨੀਂ ਜ਼ਿਲ੍ਹੇ 'ਚ ਮਹਾਮਾਰੀ ਦੇ ਨਵੇਂ ਮਾਮਲੇ ਇਕਾਈ ਅੰਕ 'ਤੇ ਸਿਮਟ ਗਏ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਇੰਦੌਰ 'ਚ 5 ਨਵੇਂ ਮਾਮਲਿਆਂ ਨਾਲ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 2,07,973 'ਤੇ ਪਹੁੰਚ ਗਈ ਅਤੇ ਇਨ੍ਹਾਂ 'ਚੋਂ 1,462 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਚੁਕੀ ਹੈ। ਇੰਦੌਰ 'ਚ ਮਹਾਮਾਰੀ ਦਾ ਪਹਿਲਾ ਮਾਮਲਾ 24 ਮਾਰਚ 2020 ਨੂੰ ਮਿਲਿਆ ਸੀ।


author

DIsha

Content Editor

Related News