ਚਚੇਰੇ ਭਰਾ-ਭੈਣ ਨੇ ਕਰ ਲਈ ਖੁਦਕੁਸ਼ੀ, ਘਰੋਂ ਭੱਜ ਕੇ ਕਰਵਾਈ ਸੀ ਕੋਰਟ ਮੈਰਿਜ
Tuesday, Mar 11, 2025 - 11:24 PM (IST)

ਗਾਜ਼ੀਆਬਾਦ (ਨਵੋਦਿਆ ਟਾਈਮਜ਼) : ਕਵੀਨਗਰ ਥਾਣਾ ਖੇਤਰ ਦੇ ਮਹਿੰਦਰਾ ਐਨਕਲੇਵ ਵਿਚ ਮੰਗਲਵਾਰ ਨੂੰ ਨਵੇਂ-ਵਿਆਹੇ ਜੋੜੇ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਦੋਵਾਂ ਦੀਆਂ ਲਾਸ਼ਾਂ ਕਮਰੇ ਵਿਚ ਫਾਹੇ ’ਤੇ ਲਟਕੀਆਂ ਮਿਲੀਆਂ। ਸੂਚਨਾ ਤੋਂ ਬਾਅਦ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਫਾਹੇ ਤੋਂ ਲਾਹ ਕੇ ਪੋਸਟਮਾਰਟਮ ਲਈ ਭੇਜਿਆ। ਪੁਲਸ ਦਾ ਕਹਿਣਾ ਹੈ ਕਿ ਨਵੇਂ-ਵਿਆਹੇ ਪਤੀ-ਪਤਨੀ ਰਿਸ਼ਤੇ ਵਿਚ ਇਕ-ਦੂਜੇ ਦੇ ਚਚੇਰੇ ਭਰਾ-ਭੈਣ ਸਨ।
ਉਨ੍ਹਾਂ ਘਰੋਂ ਭੱਜ ਕੇ 17 ਫਰਵਰੀ ਨੂੰ ਗਾਜ਼ੀਆਬਾਦ ਕੋਰਟ ਵਿਚ ਲਵ ਮੈਰਿਜ ਕੀਤੀ ਸੀ ਪਰ ਲੜਕੀ ਦੇ ਪਰਿਵਾਰਕ ਮੈਂਬਰ ਦੋਵਾਂ ਦੇ ਵਿਆਹ ਤੋਂ ਖੁਸ਼ ਨਹੀਂ ਸਨ। ਮੌਕੇ ਤੋਂ ਮਿਲੇ 2 ਪੰਨਿਆਂ ਦੇ ਸੂਸਾਈਡ ਨੋਟ ਵਿਚ ਮ੍ਰਿਤਕਾਂ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਕੋਲੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ।
ਮੂਲ ਰੂਪ ਨਾਲ ਫਰੂਖਾਬਾਦ ਜ਼ਿਲੇ ਦੇ ਪਿੰਡ ਅੱਲਾਪੁਰ ਥਾਣਾ ਕਾਇਮਗੰਜ ਦੇ ਰਹਿਣ ਵਾਲੇ ਪੀਯੂਸ਼ ਸਿੰਘ ਅਤੇ ਨਿਸ਼ਾ ਮਹਿੰਦਰਾ ਐਨਕਲੇਵ ਦੇ ਐੱਫ. ਬਲਾਕ ਵਿਚ ਸੋਹਨਵੀਰ ਸਿੰਘ ਦੇ ਮਕਾਨ ਵਿਚ ਕਿਰਾਏ ’ਤੇ ਰਹਿ ਰਹੇ ਸਨ। ਜੀਵਨ ਜਿਊਣ ਲਈ ਪੀਯੂਸ਼ ਮਜ਼ਦੂਰੀ ਕਰ ਰਿਹਾ ਸੀ।
ਮਕਾਲ ਮਾਲਿਕ ਦੀ ਸੂਚਨਾ ’ਤੇ ਪੁੱਜੀ ਪੁਲਸ ਨੇ ਜਾਂਚ-ਪੜਤਾਲ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ।