ਅਦਾਲਤਾਂ ਪੂਰੀ ਤਰ੍ਹਾਂ ਬੰਦ ਨਹੀਂ, ਜਲਦ ਸ਼ੁਰੂ ਹੋਵੇਗੀ ਵਰਚੁਅਲ ਕੋਰਟ : ਸੁਪਰੀਮ ਕੋਰਟ
Tuesday, Mar 17, 2020 - 01:58 AM (IST)
ਨਵੀਂ ਦਿੱਲੀ — ਸੁਪਰੀਮ ਕੋਰਟ ਦੇ ਚੀਫ ਜਸਟਿਸ ਐਸ.ਏ. ਬੋਬੜੇ ਨੇ ਕਿਹਾ ਹੈ ਕਿ ਦੇਸ਼ 'ਚ ਵਧਦੇ ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦੇ ਅਦਾਲਤਾਂ ਨੂੰ ਪੂਰੀ ਤਰ੍ਹਾਂ ਸ਼ਟਡਾਊਨ ਨਹੀਂ ਕੀਤਾ ਜਾ ਸਕਦਾ ਹੈ। ਵਰਚੁਅਲ ਅਦਾਲਤਾਂ ਜਲਦ ਸ਼ੁਰੂ ਹੋਣਗੀਆਂ। ਅਜਿਹੇ 'ਚ ਮੌਜੂਦਾ ਸਮੇਂ 'ਚ ਸਿਰਫ ਸੀਮਤ ਸ਼ਟਡਾਊਨ ਹੀ ਹੋਵੇਗਾ। ਹਾਲਾਂਕਿ ਸੀ.ਜੇ.ਆਈ. ਨੇ ਬਾਰ ਕਾਊਂਸਿਲ ਨੂੰ ਅਪੀਲ ਕੀਤੀ ਕਿ ਮਾਹਰਾਂ ਨੇ ਜੋ ਸੁਰੱਖਿਆ ਉਪਾਅ ਦੱਸੇ ਹਨ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇ। ਇਸ ਤੋਂ ਬਾਅਦ ਸੋਮਵਾਰ ਸਵੇਰੇ ਸੁਪਰੀਮ ਕੋਰਟ ਦੇ ਬਾਹਰ ਥਰਮਲ ਸਕ੍ਰੀਨਿੰਗ ਕਰਵਾਉਣ ਲਈ ਲੋਕਾਂ ਦੀਆ ਲੰਬੀਆਂ ਲਾਈਨਾਂ ਦੇਖੀਆਂ ਗਈਆਂ।
ਜਸਟਿਸ ਡੀਵਾਏ ਚੰਦਰਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਵਰਚੁਅਲ ਕੋਰਟ ਸ਼ੁਰੂ ਹੋਣੀ ਹੈ ਪਰ ਹੇਠਲੀਆਂ ਅਦਾਲਤਾਂ 'ਚ ਇਹ ਕੰਮ ਮੁਸ਼ਕਿਲ ਹੈ, ਕਿਉਂਕਿ ਉਥੇ ਚੁਣੌਤੀਆਂ ਵਖਰੀਆਂ ਹਨ। ਸਾਡਾ ਮੰਨਣਾ ਹੈ ਕਿ ਕੋਰਟ ਅਜਿਹੀ ਥਾਂ ਨਾ ਬਣਾਵੇ, ਜਿਥੋਂ ਬੀਮਾਰੀ ਫੈਲੇ। ਚੀਫ ਜਸਟਿਸ ਲਗਾਤਾਰ ਇਸ ਮੁੱਦੇ 'ਤੇ ਸਾਰੇ ਹਾਈਕੋਰਟ ਦੇ ਸੰਪਰਕ 'ਚ ਹਨ। ਅਸੀਂ ਸ਼ੁਰੂਆਤੀ ਕਦਮ ਚੁੱਕੇ ਹਾਂ। ਅਗਲਾ ਫੈਸਲਾ ਡਿਜੀਟਲ ਅਤੇ ਵਰਚੁਅਲ ਕੋਰਟ 'ਤੇ ਲਿਆ ਜਾ ਸਕਦਾ ਹੈ।