ਮਨਜਿੰਦਰ ਸਿਰਸਾ ਦੀ ਪਟੀਸ਼ਨ 'ਤੇ SIT ਨੂੰ ਨੋਟਿਸ, ਕਾਂਗਰਸ ਨੇਤਾ ਕਮਲਨਾਥ ਵਿਰੁੱਧ ਹੋ ਸਕਦੀ ਹੈ ਕਾਰਵਾਈ

Friday, Jan 28, 2022 - 01:03 PM (IST)

ਮਨਜਿੰਦਰ ਸਿਰਸਾ ਦੀ ਪਟੀਸ਼ਨ 'ਤੇ SIT ਨੂੰ ਨੋਟਿਸ, ਕਾਂਗਰਸ ਨੇਤਾ ਕਮਲਨਾਥ ਵਿਰੁੱਧ ਹੋ ਸਕਦੀ ਹੈ ਕਾਰਵਾਈ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੂੰ 1984 ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮਾਮਲੇ 'ਚ ਕਾਂਗਰਸ ਨੇਤਾ ਕਮਲਨਾਥ ਦੀ ਭੂਮਿਕਾ ਦੀ ਜਾਂਚ ਦੀ ਮੰਗ ਸੰਬੰਧੀ ਇਕ ਅਰਜ਼ੀ 'ਤੇ ਸਥਿਤੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਜੱਜ ਸੁਬਰਮਣੀਅਮ ਪ੍ਰਸਾਦ ਨੇ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਦੀ ਪਟੀਸ਼ਨ 'ਤੇ ਐੱਸ.ਆਈ.ਟੀ. ਨੂੰ ਨੋਟਿਸ ਜਾਰੀ ਕੀਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ਼ 28 ਮਾਰਚ ਤੈਅ ਕੀਤੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਇਸ ਦਾ ਗਠਨ ਕੀਤਾ ਸੀ। ਇਕ ਬਿਆਨ 'ਚ ਸਿਰਸਾ ਨੇ ਕਿਹਾ,''ਇਨ੍ਹਾਂ (ਸਿੱਖ ਵਿਰੋਧੀ ਦੰਗੇ) ਮਾਮਲਿਆਂ 'ਚ ਸਿੱਖ ਭਾਈਚਾਰੇ ਵਲੋਂ ਇਨਸਾਫ਼ ਦੀ ਮੰਗ ਕਰਦੇ ਹੋਏ 37 ਸਾਲ ਤੋਂ ਵੱਧ ਸਮਾਂ ਹੋ ਗਿਆ। ਹਾਲਾਂਕਿ ਸੱਜਣ ਕੁਮਾਰ (ਕਾਂਗਰਸ ਨੇਤਾ) ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਨਾਲ ਹੀ ਕੁਝ ਸਫ਼ਲਤਾਵਾਂ ਮਿਲੀਆਂ ਹਨ ਪਰ ਹਾਲੇ ਵੀ ਕਾਫ਼ੀ ਕੁਝ ਕੀਤਾ ਜਾਣਾ ਬਾਕੀ ਹੈ, ਕਿਉਂਕਿ ਹੋਰ ਗੁਨਾਹਗਾਰ ਕਮਲਨਾਥ ਅਤੇ ਹੋਰ ਕਾਂਗਰਸ ਨੇਤਾਵਾਂ ਦੀ ਹਾਲੇ ਤੱਕ ਸੁਣਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਸਜ਼ਾ ਨਹੀਂ ਸੁਣਾਈ ਗਈ।'' ਉਨ੍ਹਾਂ ਕਿਹਾ,''ਅੱਜ ਦੇ ਅਦਾਲਤ ਦੇ ਫ਼ੈਸਲੇ ਨੇ ਭਾਈਚਾਰੇ 'ਚ ਇਕ ਉਮੀਦ ਮੁੜ ਜਗਾਈ ਹੈ ਕਿ ਹਰ ਗੁਨਾਹਗਾਰ ਨੂੰ ਉਨ੍ਹਾਂ ਦੇ ਗੁਨਾਹਾਂ ਦੀ ਸਜ਼ਾ ਮਿਲੇਗੀ।''

PunjabKesari

ਸਿਰਸਾ ਨੇ ਹਾਈ ਕੋਰਟ 'ਚ ਦਾਇਰ ਕੀਤੀ ਗਈ ਆਪਣੀ ਪਟੀਸ਼ਨ 'ਚ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਐੱਸ.ਆਈ.ਟੀ. ਨੂੰ ਸੰਸਦ ਸਟ੍ਰੀਟ ਥਾਣੇ 'ਚ 1984 ਨੂੰ ਦਰਜ ਕੀਤੀ ਗਈ ਸ਼ਿਕਾਇਤ 'ਚ ਕਮਲਨਾਥ ਵਿਰੁੱਧ ਕਾਰਵਾਈ ਕਰਨ ਦਾ ਨਿਰਦੇਸ਼ ਦੇਣ, ਇਸ ਮਾਮਲੇ 'ਚ 5 ਵਿਅਕਤੀਆਂ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਕਾਂਗਰਸ ਨੇਤਾ ਦੇ ਘਰ ਰੋਕਿਆ ਗਿਆ ਸੀ। ਇਨ੍ਹਾਂ ਦੋਸ਼ੀਆਂ ਨੂੰ ਸਬੂਤ ਦੀ ਕਮੀ ਕਾਰਨ ਬਰੀ ਕਰ ਦਿੱਤਾ ਗਿਆ। ਹਾਲਾਂਕਿ ਕਮਲਨਾਥ ਨੂੰ ਸ਼ਿਕਾਇਤ 'ਚ ਕਦੇ ਨਾਮਜ਼ਦ ਨਹੀਂ ਕੀਤਾ ਗਿਆ। ਸਿਰਸਾ ਨੇ ਆਪਣੀ ਪਟੀਸ਼ਨ 'ਚ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਕਮਲਨਾਥ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕਰਨ ਦਾ ਨਿਰਦੇਸ਼ ਦੇਣ। ਸਿਰਸਾ ਦਾ ਪੱਖ ਅਦਾਲਤ 'ਚ ਸੀਨੀਅਰ ਵਕੀਲ ਮਨਿੰਦਰ ਸਿੰਘ ਅਤੇ ਵਕੀਲ ਗੁਰਬਖ਼ਸ਼ ਸਿੰਘ ਨੇ ਰੱਖਿਆ। ਇਹ ਮਾਮਲਾ ਇੱਥੇ ਗੁਰਦੁਆਰਾ ਰਕਾਬ ਗੰਜ 'ਚ ਦੰਗਾਈਆਂ ਵਲੋਂ ਹਮਲੇ ਨਾਲ ਜੁੜਿਆ ਹੈ। ਕਮਲਨਾਥ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਐੱਸ.ਆਈ.ਟੀ. ਨੇ ਸਤੰਬਰ 2019 'ਚ 7 ਸਿੱਖ ਵਿਰੋਧੀ ਦੰਗੇ ਮਾਮਲਿਆਂ ਨੂੰ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ, ਜਿੱਥੇ ਦੋਸ਼ੀ ਜਾਂ ਤਾਂ ਬਰੀ ਕਰ ਦਿੱਤੇ ਗਏ ਜਾਂ ਸੁਣਵਾਈ ਬੰਦ ਕਰ ਦਿੱਤੀ ਗਈ। ਨੋਟੀਫਿਕੇਸ਼ਨ ਜਨਤਕ ਹੋਣ ਤੋਂ ਬਾਅਦ ਸਿਰਸਾ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ 5 ਲੋਕਾਂ ਨੂੰ ਸ਼ਰਨ ਦਿੱਤੀ ਸੀ ਜੋ 7 ਮਾਮਲਿਆਂ 'ਚੋਂ ਇਕ 'ਚ ਦੋਸ਼ੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News