ਜਣੇਪੇ ਲਈ ਅਦਾਲਤ ਨੇ ਜੇਲ੍ਹ ''ਚ ਬੰਦ ਔਰਤ ਨੂੰ ਦਿੱਤੀ ਜ਼ਮਾਨਤ, ਦਿੱਤੀ ਇਹ ਦਲੀਲ

Friday, Nov 29, 2024 - 04:07 PM (IST)

ਜਣੇਪੇ ਲਈ ਅਦਾਲਤ ਨੇ ਜੇਲ੍ਹ ''ਚ ਬੰਦ ਔਰਤ ਨੂੰ ਦਿੱਤੀ ਜ਼ਮਾਨਤ, ਦਿੱਤੀ ਇਹ ਦਲੀਲ

ਮੁੰਬਈ- ਬੰਬਈ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਨਸ਼ੀਲੇ ਪਦਾਰਥ ਦੀ ਤਸਕਰੀ ਮਾਮਲੇ ਵਿਚ ਗ੍ਰਿਫ਼ਤਾਰ ਇਕ ਗਰਭਵਤੀ ਔਰਤ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਇਹ ਕਹਿੰਦੇ ਹੋਏ ਔਰਤ ਨੂੰ 6 ਮਹੀਨੇ ਦੀ ਅਸਥਾਈ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ ਕਿ ਜੇਲ੍ਹ ਦੇ ਮਾਹੌਲ ਵਿਚ ਬੱਚੇ ਨੂੰ ਜਨਮ ਦੇਣ ਨਾਲ ਮਾਂ ਅਤੇ ਬੱਚੇ ਦੋਹਾਂ 'ਤੇ ਅਸਰ ਪਵੇਗਾ। ਜਸਟਿਸ ਉਰਮਿਲਾ ਜੋਸ਼ੀ ਫਾਲਕੇ ਨੇ 27 ਨਵੰਬਰ ਨੂੰ ਪਾਸ ਆਦੇਸ਼ 'ਚ ਕਿਹਾ ਕਿ ਇਕ ਕੈਦੀ ਵੀ ਸਨਮਾਨ ਦਾ ਹੱਕਦਾਰ ਹੈ ਅਤੇ ਜੇਲ੍ਹ ਵਿਚ ਬੱਚੇ ਨੂੰ ਜਨਮ ਦੇਣ ਦੇ ਕਈ ਨਤੀਜੇ ਹੋ ਸਕਦੇ ਹਨ। 

ਅਦਾਲਤ ਨੇ ਸੁਰਭੀ ਸੋਨੀ ਨਾਮੀ ਔਰਤ ਨੂੰ 6 ਮਹੀਨੇ ਲਈ ਅਸਥਾਈ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਦਰਅਸਲ ਸੋਨੀ ਨੂੰ ਅਪ੍ਰੈਲ 2024 ਵਿਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ. ਡੀ. ਪੀ. ਐਸ) ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਗੋਂਡੀਆ ਰੇਲਵੇ ਪ੍ਰੋਟੈਕਸ਼ਨ ਫੋਰਸ ਨੇ ਇਕ ਟਰੇਨ 'ਚ ਛਾਪਾ ਮਾਰ ਕੇ ਸੋਨੀ ਸਮੇਤ 5 ਲੋਕਾਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਇਸਤਗਾਸਾ ਪੱਖ ਮੁਤਾਬਕ ਮੁਲਜ਼ਮ ਕੋਲੋਂ 33 ਕਿਲੋ ਗਾਂਜਾ ਬਰਾਮਦ ਕੀਤਾ ਗਿਆ ਸੀ, ਜਿਸ ਵਿਚੋਂ ਸੱਤ ਕਿਲੋ ਸੋਨੀ ਦੇ ਸਾਮਾਨ 'ਚੋਂ ਬਰਾਮਦ ਹੋਇਆ ਸੀ।

ਗ੍ਰਿਫਤਾਰੀ ਦੇ ਸਮੇਂ ਸੋਨੀ ਦੋ ਮਹੀਨੇ ਦੀ ਗਰਭਵਤੀ ਸੀ। ਉਸ ਨੇ ਮਨੁੱਖੀ ਆਧਾਰ 'ਤੇ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਤਾਂ ਜੋ ਉਹ ਜੇਲ੍ਹ ਤੋਂ ਬਾਹਰ ਆਪਣੇ ਬੱਚੇ ਨੂੰ ਜਨਮ ਦੇ ਸਕੇ। ਇਸਤਗਾਸਾ ਪੱਖ ਨੇ ਉਸ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿਚ ਪਾਬੰਦੀਸ਼ੁਦਾ ਪਦਾਰਥ ਜ਼ਬਤ ਕੀਤਾ ਗਿਆ ਸੀ। ਇਸਤਗਾਸਾ ਪੱਖ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਜੇਲ੍ਹ ਵਿਚ ਮੁਲਜ਼ਮ ਔਰਤ ਦੀ ਡਿਲੀਵਰੀ ਲਈ ਢੁਕਵੀਂ ਦੇਖਭਾਲ ਕੀਤੀ ਜਾਵੇਗੀ। 

ਅਦਾਲਤ ਨੇ ਕਿਹਾ ਕਿ ਹਾਲਾਂਕਿ ਜੇਲ੍ਹ ਦੇ ਮਾਹੌਲ ਵਿਚ ਗਰਭ ਅਵਸਥਾ ਦੌਰਾਨ ਬੱਚੇ ਨੂੰ ਜਨਮ ਦੇਣ ਦਾ ਪ੍ਰਭਾਵ ਨਾ ਸਿਰਫ ਪਟੀਸ਼ਨਕਰਤਾ (ਸੋਨੀ) 'ਤੇ ਪੈਂਦਾ ਹੈ, ਸਗੋਂ ਬੱਚੇ 'ਤੇ ਵੀ ਪੈਂਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਅਦਾਲਤ ਨੇ ਕਿਹਾ ਜੇਲ੍ਹ ਵਿਚ ਜਨਮ ਦੇਣਾ ਮਾਂ ਅਤੇ ਬੱਚੇ ਦੋਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸ ਲਈ ਮਨੁੱਖੀ ਆਧਾਰ 'ਤੇ ਵਿਚਾਰ ਕਰਨ ਦੀ ਲੋੜ ਹੈ।


author

Tanu

Content Editor

Related News