ਦੇਸ਼ ਸੰਵਿਧਾਨ ਨਾਲ ਚੱਲਦਾ ਹੈ, ਹਿੰਸਾ ਕਿਸੇ ਦੇ ਹਿੱਤ ’ਚ ਨਹੀਂ : ਵੀ. ਐੱਚ. ਪੀ.
Sunday, Jun 12, 2022 - 01:16 PM (IST)
ਨਵੀਂ ਦਿੱਲੀ– ਪੈਗੰਬਰ ਮੁਹੰਮਦ ਖਿਲਾਫ ਵਾਦ-ਵਿਵਾਦ ਵਾਲੇ ਬਿਆਨ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਸਾ ਅਤੇ ਤੋੜ ਭੰਨ ਦੀਆਂ ਘਟਨਾਵਾਂ ਉੱਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀ. ਐੱਚ. ਪੀ.) ਨੇ ਸ਼ਨੀਵਾਰ ਕਿਹਾ ਕਿ ਹਿੰਸਾ ਕਿਸੇ ਦੇ ਹਿੱਤ ਵਿੱਚ ਨਹੀਂ ਹੈ । ਭਾਰਤ ਦੇ ਸ਼ਾਂਤਮਈ ਅਤੇ ਸਦਭਾਵਨਾ ਵਾਲੇ ਮਾਹੌਲ ਨੂੰ ਜੋ ਖਰਾਬ ਕਰ ਰਹੇ ਹਨ, ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ ਸੰਵਿਧਾਨ ਰਾਹੀਂ ਚਲਾਇਆ ਜਾਂਦਾ ਹੈ।
ਵੀ. ਐਚ. ਪੀ. ਦੇ ਕੇਂਦਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦੇਸ਼ ਦੇ ਜੱਹਾਦੀ ਕੱਟੜਪੰਥੀ ਅਨਸਰ ਆਮ ਮੁਸਲਮਾਨਾਂ ਨੂੰ ਹਿੰਸਾ ਦੇ ਰਾਹ ’ਤੇ ਲਿਜਾ ਰਹੇ ਹਨ ਜੋ ਨਾ ਤਾਂ ਉਨ੍ਹਾਂ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਦੇਸ਼ ਦੇ। ਭਾਰਤ ਦੇ ਸ਼ਾਂਤਮਈ ਅਤੇ ਸਦਭਾਵਨਾ ਵਾਲੇ ਮਾਹੌਲ ਨੂੰ ਦੂਸ਼ਿਤ ਕਰਨ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਭਾਰਤ ਦਾ ਸੰਚਾਲਨ ਸੰਵਿਧਾਨ ਰਾਹੀਂ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੱਟੜਪੰਥੀਆਂ ਦੀ ਕਠਪੁਤਲੀ ਬਣ ਕੇ ਅਦਾਲਤਾਂ ਦੀ ਬਜਾਏ ਸੜਕਾਂ ’ਤੇ ਖੁਦ ਜੱਜ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਨੂੰ ਇਸ ਤੋਂ ਬਚਣਾ ਚਾਹੀਦਾ ਹੈ।
ਮਸਜਿਦਾਂ ਤੇ ਮਦਰੱਸਿਆਂ ਵਿੱਚ ਉੱਚ ਸਮਰੱਥਾ ਵਾਲੇ ਕੈਮਰੇ ਲਾਏ ਜਾਣ
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਹ ਵੀ ਮੰਗ ਕੀਤੀ ਕਿ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਦੇਸ਼ ਭਰ ਦੀਆਂ ਮਸਜਿਦਾਂ ਅਤੇ ਮਦਰੱਸਿਆਂ ਅਤੇ ਮੁਸਲਿਮ ਪ੍ਰਭਾਵ ਵਾਲੇ ਖੇਤਰਾਂ ਵਿੱਚ ਅੰਦਰ ਅਤੇ ਬਾਹਰ ਉੱਚ ਸਮਰੱਥਾ ਵਾਲੇ ਕੈਮਰੇ ਲਾਏ ਜਾਣ। ਅਲੋਕ ਕੁਮਾਰ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਧਾਰਮਿਕ ਸਥਾਨਾਂ ਤੋਂ ਹਿੰਸਕ ਭੀੜ ਨਿਕਲਦੀ ਹੈ, ਉਨ੍ਹਾਂ ਸਥਾਨਾਂ ਨੂੰ ਵੀ ਇਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ।