15 ਸਤੰਬਰ ਨੂੰ ਬੰਦ ਹੋਵੇਗਾ ਦੇਸ਼ ਦਾ ਸਭ ਤੋਂ ਵੱਡਾ ਕੋਵਿਡ ਦੇਖਭਾਲ ਕੇਂਦਰ
Monday, Sep 07, 2020 - 05:11 PM (IST)
ਬੈਂਗਲੁਰੂ- ਕਰਨਾਟਕ ਦੇ ਬੈਂਗਲੁਰੂ 'ਚ ਕੌਮਾਂਤਰੀ ਪ੍ਰਦਰਸ਼ਨੀ ਕੇਂਦਰ 'ਚ ਬਣਾਇਆ ਗਿਆ ਕੋਵਿਡ ਦੇਖਭਾਲ ਕੇਂਦਰ ਮਰੀਜ਼ ਨਹੀਂ ਆਉਣ ਕਾਰਨ 15 ਸਤੰਬਰ ਨੂੰ ਬੰਦ ਹੋ ਜਾਵੇਗਾ। ਬਿਨਾਂ ਲੱਛਣ ਵਾਲੇ ਅਤੇ ਹਲਕੇ ਲੱਛਣ ਵਾਲੇ ਕੋਰੋਨਾ ਪੀੜਤਾਂ ਦੇ ਇਲਾਜ ਲਈ ਬਣਾਏ ਗਏ ਇਸ ਕੇਂਦਰ ਨੂੰ ਦੇਸ਼ ਦਾ ਸਭ ਤੋਂ ਵੱਡਾ ਕੇਂਦਰ ਦੱਸਿਆ ਗਿਆ ਸੀ। ਬਰੁਹਤ ਬੈਂਗਲੁਰੂ ਮਹਾਨਗਰ ਪਾਲਿਕਾ (ਬੀ.ਬੀ.ਐੱਮ.ਪੀ.) ਦੇ 4 ਸਤੰਬਰ ਦੇ ਆਦੇਸ਼ ਅਨੁਸਾਰ, ਮੁੱਖ ਮੰਤਰੀ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਕੋਵਿਡ ਦੇਖਭਾਲ ਕਾਰਜ ਫੋਰਸ ਦੇ ਮੁਖੀ ਦੀ ਸਲਾਹ 'ਤੇ ਇਸ ਕੇਂਦਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਕੇਂਦਰ ਦੀ ਸਮਰੱਥਾ 10,000 ਤੋਂ ਵੱਧ ਬਿਸਤਰਿਆਂ ਦੀ ਹੈ। ਬੈਠਕ 'ਚ ਫੈਸਲਾ ਲਿਆ ਗਿਆ ਕਿ ਇਸ ਕੇਂਦਰ 'ਚ ਲਗਾਏ ਬਿਸਤਰ, ਗੱਦੇ, ਪੱਖੇ, ਕੂੜੇਦਾਨ, ਪਾਣੀ ਦੀ ਮਸ਼ੀਨ ਆਦਿ ਸਮਾਨ ਨੂੰ ਸਰਕਾਰੀ ਹੋਸਟਲਾਂ ਅਤੇ ਹਸਪਤਾਲਾਂ ਨੂੰ ਮੁਫ਼ਤ ਦਿੱਤਾ ਜਾਵੇਗਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬਿਨਾਂ ਲੱਛਣ ਵਾਲੇ ਅਤੇ ਹਲਕੇ ਲੱਛਣ ਵਾਲੇ ਮਰੀਜ਼ਾਂ ਨੂੰ ਘਰ 'ਚ ਹੀ ਏਕਾਂਤਵਾਸ 'ਚ ਰੱਖਣ ਦੇ ਸਰਕਾਰ ਦੇ ਫੈਸਲੇ ਤੋਂ ਬਾਅਦ ਕੇਂਦਰ 'ਚ ਦਾਖ਼ਲ ਕੀਤੇ ਜਾਣ ਵਾਲੇ ਪੀੜਤਾਂ ਦੀ ਗਿਣਤੀ 'ਚ ਕਾਫ਼ੀ ਕਮੀ ਆਈ ਹੈ।