ਪ੍ਰਤਿਭਾ ਪਾਟਿਲ ਦੇ ਰੂਪ ’ਚ ਅੱਜ ਦੇ ਦਿਨ ਦੇਸ਼ ਨੂੰ ਮਿਲੀ ਸੀ ਪਹਿਲੀ ਮਹਿਲਾ ਰਾਸ਼ਟਰਪਤੀ

07/21/2022 11:49:18 AM

ਨਵੀਂ ਦਿੱਲੀ– ਅੱਜ ਭਾਰਤ ਨੂੰ ਆਪਣਾ 15ਵਾਂ ਰਾਸ਼ਟਰਪਤੀ ਮਿਲ ਜਾਵੇਗਾ। ਦ੍ਰੌਪਦੀ ਮੁਰਮੂ ਜਾਂ ਯਸ਼ਵੰਤ ਸਿਹਨਾ, ਇਨ੍ਹਾਂ ਦੋਹਾਂ ’ਚ ਸਿੱਧਾ ਮੁਕਾਬਲਾ ਹੈ। ਇਸ ਫ਼ੈਸਲੇ ਲਈ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਉਂਝ ਦੇਸ਼ ਦੀਆਂ ਔਰਤਾਂ ਲਈ 21 ਜੁਲਾਈ ਦਾ ਦਿਨ ਖੁਸ਼ ਹੋਣ ਦੀ ਇਕ ਖ਼ਾਸ ਵਜ੍ਹਾ ਲੈ ਕੇ ਆਇਆ। ਇਸੇ ਦਿਨ ਦੇਸ਼ ਨੂੰ ਪ੍ਰਤਿਭਾ ਪਾਟਿਲ ਦੇ ਰੂਪ ’ਚ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੀ। 19 ਦਸੰਬਰ 1934 ਨੂੰ ਜਨਮੀ ਪ੍ਰਤਿਭਾ ਦੇਵੀ ਸਿੰਘ ਪਾਟਿਲ 2007-2012 ਤੱਕ ਦੇਸ਼ ਦੀ 12ਵੀਂ ਰਾਸ਼ਟਰਪਤੀ ਬਣੀ। ਉਹ ਦੇਸ਼ ਦਾ ਇਹ ਸਰਵਉੱਚ ਸੰਵਿਧਾਨਕ ਅਹੁਦਾ ਗ੍ਰਹਿਣ ਕਰਨ ਵਾਲੀ ਪਹਿਲੀ ਔਰਤ ਸੀ। ਉਹ 21 ਜੁਲਾਈ ਨੂੰ ਰਾਸ਼ਟਰਪਤੀ ਚੋਣਾਂ ’ਚ ਜੇਤੂ ਰਹੀ ਅਤੇ 25 ਜੁਲਾਈ 2007 ਨੂੰ ਉਨ੍ਹਾਂ ਨੇ ਰਾਸ਼ਟਰਪਤੀ ਦੇ ਰੂਪ ’ਚ ਸਹੁੰ ਚੁੱਕੀ।

ਆਜ਼ਾਦ ਭਾਰਤ ਦੇ ਇਤਿਹਾਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ 

ਪਾਟਿਲ ਆਜ਼ਾਦ ਭਾਰਤ ਦੇ ਇਤਿਹਾਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ। ਪ੍ਰਤਿਭਾ ਪਾਟਿਲ ਜਦੋਂ ਦੇਸ਼ ਦੇ ਸਰਵਉੱਚ ਅਹੁਦੇ ’ਤੇ ਬਿਰਾਜਮਾਨ ਹੋਈ, ਤਾਂ ਉਹ ਹਰ ਇਕ ਔਰਤ ਲਈ ਪ੍ਰੇਰਣਾ ਬਣ ਗਈ। ਦੇਸ਼ ਦੇ ਕਿਸੇ ਵੀ ਖੇਤਰ, ਅਹੁਦੇ, ਜ਼ਿੰਮੇਵਾਰੀ ਨੂੰ ਔਰਤਾਂ ਸੰਭਾਲ ਸਕਦੀਆਂ ਹਨ, ਇਹ ਗੱਲ ਪ੍ਰਤਿਭਾ ਪਾਟਿਲ ਨੇ ਸਾਬਤ ਕਰ ਵਿਖਾਈ। ਔਰਤਾਂ ਨੂੰ ਮਜ਼ਬੂਤ ਬਣਾਉਣ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੂੰ ਮੈਕਸੀਕੋ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨ ਕੀਤਾ ਜਾ ਚੁੱਕਾ ਹੈ। 

ਟੇਬਲ ਟੈਨਿਸ ਖਿਡਾਰੀ ਵੀ ਰਹੀ ਪਾਟਿਲ

ਪ੍ਰਤਿਭਾ ਦਾ ਜਨਮ ਮਹਾਰਾਸ਼ਟਰ ਦੇ ਜਲਗਾਂਵ ਜ਼ਿਲ੍ਹੇ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਨਾਰਾਇਣ ਰਾਓ ਸੀ, ਜੋ ਕਿ ਇਕ ਰਾਜਨੇਤਾ ਸਨ। ਪ੍ਰਤਿਭਾ ਦੀ ਸ਼ੁਰੂਆਤੀ ਸਿੱਖਿਆ ਜਲਗਾਂਵ ’ਚ ਹੀ ਹੋਈ। ਪਾਟਿਲ ਨੇ ਮੁੰਬਈ ਦੇ ਗਵਰਨਮੈਂਟ ਲਾਅ ਕਾਲਜ ’ਚ ਵਕਾਲਤ ਦੀ ਪੜ੍ਹਾਈ ਕੀਤੀ। ਖ਼ਾਸ ਗੱਲ ਇਹ ਹੈ ਕਿ ਉਹ ਟੇਬਲ ਟੈਨਿਸ ਖਿਡਾਰੀ ਵੀ ਰਹਿ ਚੁੱਕੀ ਹੈ। ਸਾਲ 1965 ’ਚ ਪ੍ਰਤਿਭਾ ਦਾ ਵਿਆਹ ਪ੍ਰੋਫੈਸਰ ਦੇਵੀ ਸਿੰਘ ਰਣਸਿੰਘ ਸ਼ੇਖਾਵਤ ਨਾਲ ਹੋਇਆ। ਵਿਆਹ ਮਗਰੋਂ ਉਨ੍ਹਾਂ ਨੇ ਪਤੀ ਦੇ ਨਾਂ ਨੂੰ ਅਪਣਾ ਲਿਆ ਅਤੇ ਪ੍ਰਤਿਭਾ ਦੇਵੀ ਸਿੰਘ ਪਾਟਿਲ ਨਾਂ ਤੋਂ ਪ੍ਰਸਿੱਧ ਹੋ ਗਈ। 

ਪ੍ਰਤਿਭਾ ਪਾਟਿਲ ਦਾ ਸਿਆਸੀ ਜੀਵਨ

ਪ੍ਰਤਿਭਾ ਪਾਟਿਲ ਸ਼ੁਰੂ ਤੋਂ ਹੀ ਸਮਾਜ ਸੇਵਾ ਨਾਲ ਜੁੜੀ ਹੋਈ ਸੀ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਇਕ ਸਮਾਜ ਸੇਵੀ ਵਜੋਂ ਕੰਮ ਕੀਤਾ। ਉਨ੍ਹਾਂ ਹਮੇਸ਼ਾ ਭਾਰਤੀ ਔਰਤਾਂ ਦੀ ਹਾਲਤ ਸੁਧਾਰਨ ਲਈ ਕੰਮ ਕੀਤਾ। ਉਸਨੇ 27 ਸਾਲ ਦੀ ਉਮਰ ਵਿੱਚ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਪ੍ਰਤਿਭਾ ਪਾਟਿਲ ਨੇ ਖੁਦ ਮਹਾਰਾਸ਼ਟਰ ਦੀ ਜਲਗਾਓਂ ਸੀਟ ਤੋਂ ਵਿਧਾਨ ਸਭਾ ਮੈਂਬਰ ਦੀ ਚੋਣ ਲੜੀ ਅਤੇ ਜਿੱਤੀ। ਇਹ ਉਨ੍ਹਾਂ ਦੀ ਪ੍ਰਸਿੱਧੀ ਸੀ ਕਿ ਪ੍ਰਤਿਭਾ ਪਾਟਿਲ ਲਗਾਤਾਰ ਚਾਰ ਵਾਰ ਮੁਕਤੀ ਨਗਰ ਵਿਧਾਨ ਸਭਾ ਤੋਂ ਕਾਂਗਰਸ ਦੀ ਟਿਕਟ 'ਤੇ ਜਿੱਤੀ ਅਤੇ ਵਿਧਾਇਕ ਰਹੀ। ਬਾਅਦ ਵਿਚ 1967-72 ਦਰਮਿਆਨ ਪ੍ਰਤਿਭਾ ਪਾਟਿਲ ਮਹਾਰਾਸ਼ਟਰ ਸਰਕਾਰ ’ਚ ਉਪ ਮੰਤਰੀ ਅਤੇ 1972 ਤੋਂ 1974 ਤੱਕ ਸਮਾਜ ਭਲਾਈ ਮੰਤਰੀ ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੂਜੇ ਮੰਤਰਾਲੇ ਦਾ ਚਾਰਜ ਵੀ ਸੰਭਾਲ ਲਿਆ ਹੈ।


Tanu

Content Editor

Related News