ਕੋਰੋਨਾ ਪਾਜ਼ੇਟਿਵ ਆਈ ਲਾੜੇ ਦੀ ਰਿਪੋਰਟ, ਵਿਆਹ ਸਮਾਰੋਹ ਦੀ ਜਗ੍ਹਾ ਪੁਲਸ ਲੈ ਗਈ ਹਸਪਤਾਲ

Saturday, Jun 20, 2020 - 04:19 PM (IST)

ਅਮੇਠੀ- ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਵਿਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਬਰਾਤ ਲੈ ਕੇ ਨਿਕਲੇ ਲਾੜੇ ਅਤੇ ਉਸ ਦੇ ਪਿਤਾ ਵਿਆਹ ਸਮਾਰੋਹ ਦੀ ਜਗ੍ਹਾ ਹਸਪਤਾਲ ਪਹੁੰਚ ਗਏ। ਦਰਅਸਲ ਲਾੜੇ ਅਤੇ ਉਸ ਦੇ ਪਿਤਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਪੁਲਸ ਨੇ ਦੋਹਾਂ ਨੂੰ ਰਸਤੇ ਤੋਂ ਫੜ ਕੇ ਹਸਪਤਾਲ ਭੇਜ ਦਿੱਤਾ। ਇਹ ਘਟਨਾ ਅਮੇਠੀ ਦੇ ਸ਼ੁਕਲ ਬਾਜ਼ਾਰ ਦੀ ਹੈ, ਜਦੋਂ ਬਾਰਾਤ ਲੈ ਕੇ ਜਾ ਰਹੇ ਲਾੜੇ ਨੂੰ ਅਮੇਠੀ ਪੁਲਸ ਨੇ ਹਸਪਤਾਲ 'ਚ ਭਰਤੀ ਕਰਵਾਇਆ। ਇਹ ਬਰਾਤ ਬਾਰਾਬੰਕੀ ਦੇ ਹੈਦਰਗੜ੍ਹ ਜਾ ਰਹੀ ਸੀ ਅਤੇ ਇਸ ਵਿਚ ਲਾੜੇ ਅਤੇ ਉਸ ਦੇ ਪਿਤਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ।

ਪੁਲਸ ਨੇ ਬਾਰਾਬੰਕੀ ਸਰਹੱਦ ਤੋਂ ਦੋਹਾਂ ਨੂੰ ਫੜ ਕੇ ਹਸਪਤਾਲ 'ਚ ਭਰਤੀ ਕਰਵਾਇਆ ਹੈ। ਦਰਅਸਲ ਸ਼ੁਕਲ ਬਾਜ਼ਾਰ ਵਾਸੀ ਇਕ ਵਿਅਕਤੀ ਅਤੇ ਉਸ ਦੇ ਬੇਟੇ ਦੀ ਕਈ ਦਿਨਾਂ ਤੋਂ ਸਿਹਤ ਖਰਾਬ ਸੀ। ਡਾਕਟਰ ਨੇ ਦੋਹਾਂ ਨੂੰ ਕੋਰੋਨਾ ਜਾਂਚ ਦੀ ਸਲਾਹ ਦਿੱਤੀ ਸੀ। ਸਿਹਤ ਵਿਭਾਗ ਦੀ ਟੀਮ ਜਾਂਚ ਲਈ ਸੈਂਪਲ ਲੈ ਗਈ ਸੀ। ਸ਼ੁੱਕਰਵਾਰ ਨੂੰ ਬੇਟੇ ਦੀ ਬਾਰਾਤ ਜਾਣੀ ਸੀ। ਵਿਆਹ ਦੀ ਤਰੀਕ ਅੱਗੇ ਨਾ ਕਰਨ ਦਾ ਫੈਸਲਾ ਲਏ ਦੋਹਾਂ ਨੇ ਬਰਾਤ ਲਿਜਾਉਣ ਦਾ ਫੈਸਲਾ ਲਿਆ। ਇਸ ਲਈ ਜਾਂਚ ਰਿਪੋਰਟ ਆਏ ਬਿਨਾਂ ਹੀ ਲਾੜੇ ਦੇ ਪਿਤਾ ਬਰਾਤ ਲੈ ਕੇ ਬਾਰਾਬੰਕੀ ਦੇ ਹੈਦਰਗੜ੍ਹ ਲਈ ਨਿਕਲ ਪਏ।

ਦੂਜੇ ਪਾਸੇ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਦੋਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਲਈ ਉਨ੍ਹਾਂ ਦੇ ਘਰ ਲੈਣ ਪਹੁੰਚ ਗਈ। ਜਿੱਥੇ ਟੀਮ ਨੂੰ ਪਤਾ ਲੱਗਾ ਕਿ ਬਾਪ ਬੇਟੇ ਬਰਾਤ ਲੈ ਕੇ ਬਾਰਾਬੰਕੀ ਚੱਲੇ ਗਏ ਹਨ। ਸਿਹਤ ਵਿਭਾਗ ਨੇ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ। ਪੁਲਸ ਹਰਕਤ 'ਚ ਆਈ ਅਤੇ ਬਾਪ-ਬੇਟੇ ਨੂੰ ਬਾਰਾਬੰਕੀ ਸਰਹੱਦ 'ਤੇ ਫੜ ਲਿਆ ਅਤੇ ਸਿਹਤ ਵਿਭਾਗ ਦੀ ਟੀਮ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਦੋਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


DIsha

Content Editor

Related News