ਰਾਹਤ ਭਰੀ ਖ਼ਬਰ : 5 ਦਿਨਾਂ ਬਾਅਦ 70 ਹਜ਼ਾਰ ਤੋਂ ਘੱਟ ਹੋਏ ਕੋਰੋਨਾ ਦੇ ਨਵੇਂ ਮਾਮਲੇ
Tuesday, Sep 01, 2020 - 11:17 AM (IST)

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਪ੍ਰਕੋਪ ਦਰਮਿਆਨ ਲਗਾਤਾਰ 5 ਦਿਨ ਤੱਕ 75 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ 24 ਘੰਟਿਆਂ 'ਚ ਪੀੜਤਾਂ ਦੀ ਗਿਣਤੀ 'ਚ ਕਮੀ ਆਈ ਅਤੇ ਇਹ 70 ਹਜ਼ਾਰ ਤੋਂ ਹੇਠਾਂ ਆ ਗਈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 69,921 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 36,91,167 ਹੋ ਗਿਆ। ਇਸ ਤੋਂ ਪਹਿਲਾਂ 25 ਅਗਸਤ ਨੂੰ 67,151 ਮਾਮਲੇ ਸਾਹਮਣੇ ਆਏ ਸਨ ਅਤੇ 26 ਤੋਂ 30 ਅਗਸਤ ਤੱਕ ਪੀੜਤਾਂ ਦੀ ਰੋਜ਼ ਦੀ ਗਿਣਤੀ 75 ਹਜ਼ਾਰ ਤੋਂ ਵੱਧ : 75760, 77266, 76472, 78761 ਅਤੇ 78512 ਰਹੀ। ਪਿਛਲੇ 24 ਘੰਟਿਆਂ ਦੌਰਾਨ 65081 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 28,39,883 ਹੋ ਗਈ ਹੈ।
ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ 'ਚ ਇਨਫੈਕਸ਼ਨ ਦੇ ਨਵੇਂ ਮਾਮਲੇ ਵੱਧ ਹੋਣ ਨਾਲ ਸਰਗਰਮ ਮਾਮਲੇ 21.29 ਫੀਸਦੀ ਅਤੇ ਰੋਗ ਮੁਕਤ ਹੋਣ ਵਾਲਿਆਂ ਦੀ ਦਰ 76.94 ਫੀਸਦੀ ਹੈ, ਜਦੋਂ ਕਿ ਮ੍ਰਿਤਕਾਂ ਦੀ ਦਰ 1.77 ਫੀਸਦੀ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 510 ਵੱਧ ਕੇ 1,94,399 ਹੋ ਗਈ ਅਤੇ 184 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 24,583 ਹੋ ਗਿਆ। ਇਸ ਦੌਰਾਨ 11,158 ਲੋਕ ਰੋਗ ਮੁਕਤ ਹੋਏ, ਜਿਸ ਨਾਲ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 5,73,559 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸੇ ਸੂਬੇ 'ਚ ਹਨ।