ਦੇਸ਼ ਦੀ ਰੱਖਿਆ ਬਰਾਮਦ ਇਕ ਦਹਾਕੇ ’ਚ 21000 ਕਰੋੜ ਰੁਪਏ ਤੋਂ ਪਾਰ : ਰਾਜਨਾਥ
Tuesday, Dec 31, 2024 - 03:41 AM (IST)
ਮਹੂ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਦੀ ਰੱਖਿਆ ਬਰਾਮਦ ਇਕ ਦਹਾਕਾ ਪਹਿਲਾਂ 2,000 ਕਰੋੜ ਰੁਪਏ ਸੀ ਜੋ ਹੁਣ ਵੱਧ ਕੇ 21,000 ਕਰੋੜ ਰੁਪਏ ਨੂੰ ਵੀ ਪਾਰ ਕਰ ਗਈ ਹੈ।
ਦੋ ਸਦੀਆਂ ਪੁਰਾਣੀ ਮੱਧ ਪ੍ਰਦੇਸ਼ ਦੀ ਮਹੂ ਛਾਉਣੀ ਦੇ ਆਰਮੀ ਵਾਰ ਕਾਲਜ ’ਚ ਅਧਿਕਾਰੀਆਂ ਨੂੰ ਸੋਮਵਾਰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ 2029 ਤੱਕ ਰੱਖਿਆ ਬਰਾਮਦ ਨੂੰ 50,000 ਕਰੋੜ ਰੁਪਏ ਤੱਕ ਲਿਜਾਣ ਦਾ ਟੀਚਾ ਮਿੱਥਿਆ ਗਿਆ ਹੈ। ਫੌਜੀ ਸਿਖਲਾਈ ਕੇਂਦਰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਵਾਨਾਂ ਨੂੰ ਤਿਆਰ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਰਤ ’ਚ ਬਣੇ ਸਾਜ਼ੋ-ਸਾਮਾਨ ਨੂੰ ਦੂਜੇ ਦੇਸ਼ਾਂ ’ਚ ਭੇਜਿਆ ਜਾ ਰਿਹਾ ਹੈ। ਜੰਗ ’ਚ ਬੁਨਿਆਦੀ ਤਬਦੀਲੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੂਚਨਾ ਜੰਗ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਆਧਾਰਿਤ ਜੰਗ, ਅਖੌਤੀ ਜੰਗ, ਪੁਲਾੜ ਜੰਗ ਤੇ ਸਾਈਬਰ ਹਮਲੇ ਵਰਗੇ ਗੈਰ-ਰਵਾਇਤੀ ਤਰੀਕੇ ਵੱਡੀ ਚੁਣੌਤੀ ਬਣ ਰਹੇ ਹਨ।