ਕੋਰੋਨਾ ਵਾਇਰਸ ਕਾਰਨ ਕਰੀਬ 48 ਫੀਸਦੀ ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ ਪੜ੍ਹਨ ਦੀ ਯੋਜਨਾ ਹੋਈ ਪ੍ਰਭਾਵਿਤ

05/13/2020 2:24:52 PM

ਨਵੀਂ ਦਿੱਲੀ- ਕੋਵਿਡ-19 ਗਲੋਬਲ ਮਹਾਮਾਰੀ ਨੇ ਵਿਦੇਸ਼ਾਂ 'ਚ ਪੜ੍ਹਨ ਦੀ ਇੱਛਾ ਰੱਖਣ ਵਾਲੇ 48 ਫੀਸਦੀ ਤੋਂ ਵਧ ਭਾਰਤੀ ਵਿਦਿਆਰਥੀਆਂ ਦਾ ਫੈਸਲਾ ਪ੍ਰਭਾਵਿਤ ਕੀਤਾ ਹੈ। ਵਿਸ਼ਵ ਭਰ 'ਚ ਉੱਚ ਸਿੱਖਿਆ ਸੰਸਥਾਵਾਂ ਦਾ ਵਿਸ਼ਲੇਸ਼ਣ ਕਰਨ 'ਚ ਮਾਹਰਤਾ ਰੱਖਣ ਵਾਲੀ ਅਤੇ ਇਨ੍ਹਾਂ ਸੰਸਥਾਵਾਂ ਨੂੰ ਰੈਂਕਿੰਗ ਕਰਨ ਵਾਲੀ ਬ੍ਰਿਤਾਨੀ ਕੰਪਨੀ ਕਵਾਕਵੈਰਲੀ ਸਾਈਮੰਡਸ (ਕਿਊਐੱਸ) ਦੀ ਰਿਪੋਰਟ 'ਚ ਇਹ ਕਿਹਾ ਗਿਆ ਹੈ। ਕਿਊਐੱਸ ਦੇ ਮਾਹਰਾਂ ਦਾ ਕਹਿਣਾ ਹੈ ਕਿ ਵਿਦੇਸ਼ 'ਚ ਮਹਿੰਗੀ ਪੜ੍ਹਾਈ 'ਚ ਨਿਵੇਸ਼ 'ਤੇ ਮਿਲਣ ਵਾਲਾ ਲਾਭ ਘੱਟ ਹੋਣਾ ਅਤੇ ਕੋਵਿਡ-19 ਤੋਂ ਬਾਅਦ ਰੋਜ਼ਗਾਰ ਦੇ ਮੌਕੇ ਘੱਟ ਹੋ ਜਾਣਾ ਅਹਿਮ ਕਾਰਨ ਹੈ। ਇਨ੍ਹਾਂ ਕਾਰਨ ਵਿਦੇਸ਼ 'ਚ ਪੜ੍ਹਨ ਦੀਆਂ ਵਿਦਿਆਰਥੀਆਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ।

'ਭਾਰਤੀ ਵਿਦਿਆਰਥੀਆਂ ਦੀ ਗਤੀਸ਼ੀਲਤਾ ਰਿਪੋਰਟ 2020 : ਉੱਚ ਸਿੱਖਿਆ ਵਿਕਲਪਾਂ 'ਤੇ ਕੋਵਿਡ-19 ਦਾ ਪ੍ਰਭਾਵ' ਟਾਈਟਲ ਵਾਲੀ ਰਿਪੋਰਟ 'ਚ ਕਿਹਾ ਗਿਆ ਹੈ,''ਸਾਡੇ ਨਤੀਜੇ ਦਰਸਾਉਂਦੇ ਹਨ ਕਿ ਵਿਦੇਸ਼ ਪੜ੍ਹਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ 'ਚੋਂ 48.46 ਫੀਸਦੀ ਵਿਦਿਆਰਥੀਆਂ ਦੀ ਇਸ ਸੰਬੰਧੀ ਯੋਜਨਾ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਈ ਹੈ। ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਤੋਂ ਇਲਾਵਾ ਹੋਰ ਵਿਸ਼ਿਆਂ ਦੇ ਅਜਿਹੇ ਵਿਦਿਆਰਥੀਆਂ ਵੱਡੀ ਗਿਣਤੀ ਹੈ, ਜੋ ਭਾਰਤ ਦੇ ਬਾਹਰ ਉੱਚ ਸਿੱਖਿਆ ਹਾਸਲ ਕਰਨ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰ ਰਹੇ ਹਨ।''

ਰਿਪੋਰਟ 'ਚ ਕਿਹਾ ਗਿਆ ਹੈ,''ਹਾਲਾਂਕਿ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਨਾਲ ਜੁੜੇ ਪੇਸ਼ੇਵਰਾਂ ਦੀ ਮੰਗ ਬਣੀ ਰਹਿਣ ਦੀ ਉਮੀਦ ਹੈ ਪਰ ਹੋਰ ਪਾਠਕ੍ਰਮਾਂ ਦੇ ਵਿਦਿਆਰਥੀਆਂ ਦੀ ਸਥਿਤੀ ਅਜਿਹੀ ਨਹੀਂ ਹੈ।'' ਰਿਪੋਰਟ 'ਚ ਕਿਹਾ ਗਿਆ ਹੈ ਕਿ ਉੱਚ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਇੰਟਰਨੈੱਟ ਦੇ ਮਾਧਿਅਮ ਨਾਲ ਪੜ੍ਹਾਈ ਦੀ ਪ੍ਰਕਿਰਿਆ ਅੱਜ ਨਹੀਂ ਤਾਂ ਕੱਲ ਅਪਣਾਉਣੀ ਹੋਵੇਗੀ ਪਰ ਇਸ ਵੱਡੀ ਤਬਦੀਲੀ ਦੇ ਅਨੁਰੂਪ ਖੁਦ ਨੂੰ ਢਾਲਣ 'ਚ ਸਮਾਂ ਲੱਗ ਸਕਦਾ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਦੁਨੀਆ ਭਰ 'ਚ 2,89,000 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 42 ਲੱਖ ਲੋਕ ਇਸ ਤੋਂ ਪ੍ਰਭਾਵਿਤ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਕਿ ਭਾਰਤ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 2,415 ਹੋ ਗਈ ਹੈ ਅਤੇ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 74,281 ਹੋ ਗਈ ਹੈ।


DIsha

Content Editor

Related News