ਨਿਊਯਾਰਕ ''ਚ ਭਾਰਤੀ ਮੂਲ ਦੇ ਪੱਤਰਕਾਰ ਦੀ ਕੋਰੋਨਾ ਕਾਰਨ ਮੌਤ, PM ਮੋਦੀ ਨੇ ਪ੍ਰਗਟਾਇਆ ਦੁੱਖ

04/08/2020 10:52:22 AM

ਨਿਊਯਾਰਕ- ਅਮਰੀਕਾ ਵਿਚ ਕਈ ਭਾਰਤੀ-ਅਮਰੀਕੀ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ, ਜਿਨ੍ਹਾਂ ਵਿਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿਚ ਭਾਰਤੀ ਨਿਊਜ਼ ਏਜੰਸੀ ਦੇ ਇਕ ਪੱਤਰਕਾਰ ਬ੍ਰਹਮ ਕਾਂਚਿਬੋਟਲਾ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੱਤਰਕਾਰ ਬ੍ਰਹਮ ਕਾਂਚਿਬੋਟਲਾ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਹੈ। 

ਜਾਣਕਾਰੀ ਮੁਤਾਬਕ ਬ੍ਰਹਮ ਕਾਂਚਿਬੋਟਲਾ ਨੇ ਸੋਮਵਾਰ ਰਾਤ ਨੂੰ ਨਿਊਯਾਰਕ ਦੇ ਹਸਪਤਾਲ ਵਿਚ ਆਖਰੀ ਸਾਹ ਲਏ। ਦੱਸਿਆ ਜਾ ਰਿਹਾ ਹੈ ਕਿ ਉਹ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸਨ ਅਤੇ ਪਿਛਲੇ 9 ਦਿਨਾਂ ਤੋਂ ਹਸਪਤਾਲ ਵਿਚ ਭਰਤੀ ਸੀ। ਬ੍ਰਹਮ ਕਾਂਚਿਬੋਟਲਾ ਦੇ ਪੁੱਤਰ ਨੇ ਇਸ ਦੁੱਖ ਭਰੀ ਖਬਰ ਨੂੰ ਸਾਂਝਾ ਕੀਤਾ। 66 ਸਾਲਾ ਬ੍ਰਹਮ ਕਾਂਚਿਬੋਟਲਾ ਦਾ ਉੱਚ ਪੱਤਰਕਾਰਾਂ ਵਿਚ ਨਾਂ ਗਿਣਿਆ ਜਾਂਦਾ ਹੈ। 1992 ਵਿਚ ਉਹ ਅਮਰੀਕਾ ਚਲੇ ਗਏ ਸਨ ਤੇ ਇੱਥੇ ਲਗਭਗ 28 ਸਾਲ ਉਨ੍ਹਾਂ ਨੇ ਕੰਮ ਕੀਤਾ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਅੰਤਿਮ ਸੰਸਕਾਰ ਸਮੇਂ 10 ਤੋਂ ਵਧੇਰੇ ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ। 

ਪਰਿਵਾਰ ਮੁਤਾਬਕ 23 ਮਾਰਚ ਨੂੰ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਸਨ। ਸਿਹਤ ਜ਼ਿਆਦਾ ਖਰਾਬ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਲਾਂਗ ਆਈਲੈਂਡ ਹਸਪਤਾਲ ਵਿਚ ਉਨ੍ਹਾਂ ਨੂੰ 28 ਮਾਰਚ ਨੂੰ ਸਾਹ ਸਬੰਧੀ ਸ਼ਿਕਾਇਤ ਹੋਣ 'ਤੇ ਆਕਸੀਜਨ ਲਗਾਈ ਗਈ। 31 ਮਾਰਚ ਨੂੰ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ। ਸੋਮਵਾਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਆਇਆ ਤੇ ਉਨ੍ਹਾਂ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ, ਇਕ ਧੀ ਤੇ ਇਕ ਪੁੱਤ ਨੂੰ ਛੱਡ ਗਏ ਹਨ। 


Lalita Mam

Content Editor

Related News