ਕੋਰੋਨਾ ਦਾ ਵੱਧ ਰਿਹੈ ਖਤਰਾ, ਭਾਰਤ ਵਿਚ 'ਕੋਵਿਡ-19' ਦੇ ਮਾਮਲੇ 258 ਹੋਏ
Saturday, Mar 21, 2020 - 02:10 PM (IST)
ਨਵੀਂ ਦਿੱਲੀ : ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਗੁਜਰਾਤ, ਤੇਲੰਗਾਨਾ, ਓਡੀਸ਼ਾ ਅਤੇ ਛੱਤੀਸਗੜ ਤੋਂ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਭਾਰਤ ਵਿਚ ਕੋਰੋਨਾ ਵਾਇਰਸ ਦੇ ਇਨਫੈਕਟਡ ਮਾਮਲੇ 258 'ਤੇ ਪਹੁੰਚ ਗਏ ਹਨ। ਹੁਣ ਤਕ ਭਾਰਤ ਵਿਚ ਇਸ ਨਾਲ 4 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸੂਬਾ ਪੱਧਰ 'ਤੇ ਵੀ ਸਰਕਾਰਾਂ ਵੱਲੋਂ ਤਮਾਮ ਕਦਮ ਚੁੱਕੇ ਜਾ ਰਹੇ ਹਨ।
ਉੱਥੇ ਹੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰ ਦੇ ਨਾਮ ਸੰਬੋਧਨ ਵਿਚ ਇਸ ਸੰਕਟ ਨਾਲ ਮੁਕਾਬਲਾ ਕਰਨ ਲਈ 22 ਮਾਰਚ ਨੂੰ ਜਨਤਾ ਕਰਫਿਊ ਲਾਉਣ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਇਕ ਦਿਨ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਇਸ ਵਿਚਕਾਰ ਰੇਲ ਮੰਤਰਾਲਾ ਨੇ ਐਲਾਨ ਕੀਤਾ ਹੈ ਕਿ 21 ਮਾਰਚ ਦੀ ਅੱਧੀ ਰਾਤ ਯਾਨੀ ਠੀਕ 12 ਵਜੇ ਤੋਂ 22 ਮਾਰਚ ਦੀ ਦੇਰ ਰਾਤ 10 ਵਜੇ ਤਕ ਕੋਈ ਯਾਤਰੀ ਟਰੇਨ ਨਹੀਂ ਚੱਲੇਗੀ। ਉੱਥੇ ਹੀ, ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 11 ਹਜ਼ਾਰ ਤੋਂ ਵੱਧ ਹੋ ਗਈ ਹੈ।
ਯੂਰਪ ਵਿਚ ਅਤੇ ਵਿਸ਼ਵ ਭਰ ਵਿਚ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਇਟਲੀ ਵਿਚ ਦਰਜ ਹੋਈ ਹੈ। ਇਟਲੀ ਵਿਚ ਮੌਤ ਦਾ ਅੰਕੜਾ 4,032 'ਤੇ ਪਹੁੰਚ ਗਿਆ ਹੈ। ਸਪੇਨ, ਯੂਰਪ ਦਾ ਦੂਜਾ ਅਤੇ ਚੀਨ, ਇਟਲੀ ਤੇ ਈਰਾਨ ਤੋਂ ਬਾਅਦ ਦੁਨੀਆ ਦਾ ਚੌਥਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਗਿਆ ਹੈ। ਵਿਸ਼ਵ ਭਰ ਵਿਚ 11,129 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤਕ 163 ਦੇਸ਼ਾਂ ਵਿਚ 2,58,930 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।