ਹਰਿਆਣਾ: ਡੇਢ ਸਾਲ ਦੇ ਬੱਚੇ ’ਚ ਮਿਲੇ ਕੋਰੋਨਾਵਾਇਰਸ ਦੇ ਲੱਛਣ
Saturday, Mar 14, 2020 - 12:50 PM (IST)
ਫਤਿਹਾਬਾਦ—ਹਰਿਆਣਾ ’ਚ ਖਤਰਨਾਕ ਕੋਰੋਨਾਵਾਇਰਸ ਦਾ ਇਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੂਬੇ ’ਚ ਡੇਢ ਸਾਲ ਦੇ ਬੱਚੇ ’ਚ ਕੋਰੋਨਾਵਾਇਰਸ ਦੇ ਲੱਛਣ ਨਜ਼ਰ ਆਏ ਹਨ, ਉਸ ਨੂੰ ਫਤਿਹਾਬਾਦ ਦੇ ਸਰਕਾਰੀ ਹਸਪਤਾਲ ’ਚ ਬਣੇ ਆਈਸੋਲੇਸ਼ਨ ਵਾਰਡ ’ਚ ਭਰਤੀ ਕੀਤਾ ਗਿਆ ਹੈ। ਦੱਸ ਦੇਈਏ ਕਿ ਡੇਢ ਸਾਲਾਂ ਇਹ ਬੱਚਾ ਆਪਣੇ ਪਰਿਵਾਰ ਦੇ 11 ਮੈਂਬਰਾਂ ਨਾਲ ਇਟਲੀ ਤੋਂ ਫਤਿਹਾਬਾਦ ਪਹੁੰਚਿਆ ਸੀ ਅਤੇ ਇੱਥੇ ਪਹੁੰਚਣ ’ਤੇ ਸ਼ੁਰੂਆਂਤੀ ਜਾਂਚ ’ਚ ਕੋਰੋਨਾਵਾਇਰਸ ਦੇ ਲੱਛਣ ਦਿਖਾਈ ਦਿੱਤੇ, ਜਿਸ ਤੋਂ ਬਾਅਦ ਬੱਚੇ ਨੂੰ ਸਿਹਤ ਵਿਭਾਗ ਦੀ ਟੀਮ ਨੇ ਆਈਸੋਲੇਸ਼ਨ ਵਾਰਡ ’ਚ ਆਪਣੀ ਨਿਗਰਾਨੀ ’ਚ ਰੱਖਿਆ ਹੈ। ਬੱਚੇ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ’ਚ ਭੇਜ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਕੋਰੋਨਾਵਾਇਰਸ ਨੂੰ ਲੈ ਕੇ ਉੱਚਿਤ ਕਦਮ ਚੁੱਕਦਿਆਂ ਹੋਇਆ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਹਰ ਜ਼ਿਲੇ ਦੇ ਸਰਕਾਰੀ ਹਸਪਤਾਲਾਂ ’ਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਸਰਕਾਰ ਨੇ ਰੈਲੀਆਂ, ਧਾਰਮਿਕ ਆਯੋਜਨਾਂ, ਖੇਡ ਆਯੋਜਨਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਘੱਟ ਜਾਣ ਦੀ ਬੇਨਤੀ ਕੀਤੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਦੇ ਕਾਰਨ ਹਰਿਆਣਾ ਸਰਕਾਰ ਨੇ ਪਹਿਲਾਂ ਜਿੱਥੇ ਸੂਬੇ ’ਚ ਮਹਾਮਾਰੀ ਦਾ ਐਲਾਨ ਕਰ ਦਿੱਤਾ ਸੀ। ਉੱਥੇ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਸਮੇਤ ਕਾਲਜ 31 ਮਾਰਚ ਤੱਕ ਬੰਦ ਕਰ ਦਿੱਤੇ ਹਨ। 13 ਮਾਰਚ ਨੂੰ ਹਰਿਆਣਾ ਹਾਇਰ ਐਜੂਕੇਸ਼ਨ ਵਿਭਾਗ ਵੱਲੋਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਚੀਨ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆ 'ਚ ਪੈਰ ਪਸਾਰ ਚੁੱਕੇ ਖਤਰਨਾਕ ਕੋਰੋਨਾਵਾਇਰਸ ਦੇ ਹੁਣ ਭਾਰਤ 'ਚ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤੱਕ 83 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਵਾਇਰਸ ਕਾਰਨ ਜਿੱਥੇ ਦੇਸ਼ 'ਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ 10 ਲੋਕਾਂ ਨੂੰ ਇਸ ਵਾਇਰਸ ਤੋਂ ਰਾਹਤ ਵੀ ਮਿਲੀ ਹੈ, ਜਿਨ੍ਹਾਂ 'ਚ 7 ਦਿੱਲੀ ਅਤੇ 3 ਕੇਰਲ ਦੇ ਲੋਕ ਸ਼ਾਮਲ ਹਨ। ਭਾਰਤ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਦੇਸ਼ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਤੇ ਹਰਿਆਣਾ ਤੋਂ ਬਾਅਦ ਉੱਤਰ ਪ੍ਰਦੇਸ਼ 'ਚ ਵੀ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੇ ਕਈ ਸੂਬਿਆਂ 'ਚ ਸਕੂਲ-ਕਾਲਜਾਂ ਸਮੇਤ ਸਿਨੇਮਾ ਘਰ ਬੰਦ ਕਰ ਦਿੱਤੇ ਗਏ ਹਨ।