ਕੋਰੋਨਾ ਦਾ ਖੌਫ : ਸਰਕਾਰ ਨੇ 12 ਜ਼ਰੂਰੀ ਦਵਾਈਆਂ ਦੀ ਬਰਾਮਦਗੀ ''ਤੇ ਲਾਈ ਪਾਬੰਦੀ

02/17/2020 6:17:15 PM

ਨਵੀਂ ਦਿੱਲੀ— ਦੁਨੀਆ ਭਰ 'ਚ ਫੈਲ ਰਹੇ ਜਾਨਲੇਵਾ ਕੋਰੋਨਾਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਹੈ। ਚੀਨ 'ਚ ਫੈਲੇ ਇਸ ਵਾਇਰਸ ਨੂੰ ਲੈ ਕੇ ਭਾਰਤ ਬੇਹੱਦ ਚੌਕਸੀ ਵਰਤ ਰਿਹਾ ਹੈ। ਦੇਸ਼ 'ਚ ਦਵਾਈਆਂ ਦੀ ਕਿੱਲਤ ਨਾ ਹੋਵੇ, ਇਹ ਯਕੀਨੀ ਕਰਨ ਲਈ ਸਰਕਾਰ ਨੇ ਐਂਟੀਬਾਇਓਟਿਕਸ, ਵਿਟਾਮਿਨਜ਼ ਅਤੇ ਹਾਰਮੋਨਜ਼ ਸਮੇਤ ਲੱਗਭਗ 12 ਜ਼ਰੂਰੀ ਦਵਾਈਆਂ ਦੀ ਬਰਾਮਦਗੀ 'ਤੇ ਰੋਕ ਦਿੱਤੀ ਹੈ। ਚੀਨ ਦੇ ਹੁਬੇਈ ਸੂਬੇ 'ਚ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਕਹਿਰ ਹੈ, ਇਸੇ ਸੂਬੇ ਤੋਂ ਭਾਰਤੀ ਦਵਾਈ ਉਦਯੋਗ ਸਭ ਤੋਂ ਵੱਧ ਕੱਚਾ ਮਾਲ ਜਾਂ ਐਕਟਿਵ ਫਾਰਮਾਸਊਟਿਕਲ ਇਨਗ੍ਰੇਡੀਅੰਟ (ਏ. ਪੀ. ਆਈ.) ਦੀ ਦਰਾਮਦਗੀ ਕਰਦਾ ਹੈ। ਫਿਲਹਾਲ ਦੇਸ਼ ਅੰਦਰ ਦਵਾਈਆਂ ਦੀ ਕੋਈ ਕਮੀ ਨਹੀਂ ਹੈ ਪਰ ਹੁਬੇਈ ਸੂਬੇ ਨੂੰ ਜੇਕਰ ਫਰਵਰੀ ਤੋਂ ਬਾਅਦ ਵੀ ਬੰਦ ਰੱਖਿਆ ਗਿਆ ਤਾਂ ਪਰੇਸ਼ਾਨੀ ਪੈਦਾ ਹੋ ਸਕਦੀ ਹੈ।

ਦੇਸ਼ 'ਚ ਦਵਾਈਆਂ ਦੀ ਉਪਲੱਬਧਤਾ ਦਾ ਮੁਲਾਂਕਣ ਕਰਨ ਲਈ ਗਠਿਤ 8 ਮੈਂਬਰੀ ਐਕਸਪਰਟ ਕਮੇਟੀ ਨੇ ਨਿਓਮਾਈਸਿਨ, ਮੈਟ੍ਰੋਨਿਡਾਜੋਲ, ਕਲੋਰਮਫੈਨਿਕੋਲ, ਵਿਟਾਮਿਨ ਬੀ1, ਬੀ2 ਅਤੇ ਬੀ6 ਸਮੇਤ 12 ਦਵਾਈਆਂ ਨਾਲ ਪ੍ਰੋਜੈਸਟ੍ਰਾਨ ਹਾਰਮੋਨ ਦੀ ਬਰਾਮਦਗੀ 'ਤੇ ਪਾਬੰਦੀ ਲਾ ਦਿੱਤੀ ਹੈ। ਪ੍ਰੋਜੈਸਟ੍ਰਾਨ ਦੀ ਵਰਤੋਂ ਗਰਭ ਅਵਸਥਾ ਅਤੇ ਮਾਹਵਾਰੀ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਵਪਾਰੀ ਮੌਕੇ ਦਾ ਕਿਸੇ ਤਰ੍ਹਾਂ ਨਾਲ ਫਾਇਦਾ ਨਾ ਚੁੱਕਣ ਅਤੇ ਕੀਮਤਾਂ 'ਚ ਇਜ਼ਾਫਾ ਨਾ ਕਰਨ। ਇਹ ਯਕੀਨੀ ਕਰਨ ਲਈ ਸਰਕਾਰਾਂ ਕਦਮ ਚੁੱਕਣ। ਇੱਥੇ ਦੱਸ ਦੇਈਏ ਕਿ ਭਾਰਤ ਦਵਾਈਆਂ ਦਾ 80-85 ਫੀਸਦੀ ਕੱਚਾ ਮਾਲ ਚੀਨ ਤੋਂ ਮੰਗਵਾਉਂਦਾ ਹੈ।


Tanu

Content Editor

Related News