ਇਨਸਾਨੀਅਤ ਸ਼ਰਮਸਾਰ : ਕੋਰੋਨਾ ਵਾਇਰਸ ਦੇ ਸ਼ੱਕ ''ਚ ਬਜ਼ੁਰਗ ਦੀ ਲਾਸ਼ 3 ਘੰਟੇ ਸੜਕ ਕਿਨਾਰੇ ਪਈ ਰਹੀ
Wednesday, Jun 17, 2020 - 04:10 PM (IST)
ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼)- ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸ਼ੱਕ 'ਚ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਤਿੰਨ ਘੰਟਿਆਂ ਤੱਕ ਸੜਕ 'ਤੇ ਲਾਵਾਰਸ ਪਈ ਰਹਿਣ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਵਿਅਕਤੀ ਮੁੰਬਈ ਤੋਂ ਵਾਪਸ ਆਇਆ ਸੀ। ਤਿਲਹਰ ਸਿਹਤ ਕੇਂਦਰ ਇੰਚਾਰਜ ਡਾ. ਕਮਰੂਜਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਸ਼ਾਮ ਨੂੰ ਥਾਣੇ ਤੋਂ ਸੂਚਨਾ ਮਿਲੀ ਕਿ ਇਕ ਵਿਅਕਤੀ ਮ੍ਰਿਤ ਪਿਆ ਹੈ ਅਤੇ ਉਸ ਕੋਲ ਮੁੰਬਈ ਤੋਂ ਆਉਣ ਦਾ ਟਿਕਟ ਹੈ, ਅਜਿਹੇ 'ਚ ਉਸ 'ਚ ਇਨਫੈਕਸ਼ਨ ਹੋਣ ਦਾ ਸ਼ੱਕ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਸੂਚਨਾ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ 'ਤੇ ਮੰਗਲਵਾਰ ਰਾਤ ਹੀ ਲਾਸ਼ ਨੂੰ ਸ਼ਮਸ਼ਾਨਘਾਟ 'ਚ ਦਫਨ ਕਰ ਦਿੱਤਾ ਗਿਆ, ਇਸ ਦੌਰਾਨ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਕਬਰਸਤਾਨ ਅਤੇ ਕਬਰ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ। ਲੋਕਾਂ ਨੇ ਦੱਸਿਆ ਕਿ ਤਿਲਹਰ ਕਸਬੇ 'ਚ ਰਹਿਣ ਵਾਲਾ ਲਿਆਕਤ (60) ਮੁੰਬਈ 'ਚ ਹੇਅਰ ਕਟਿੰਗ ਦਾ ਕੰਮ ਕਰਦਾ ਸੀ, ਲਾਕਡਾਊਨ ਦੌਰਾਨ ਉਹ ਘਰ ਆ ਗਿਆ ਸੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਉਹ ਆਪਣੀ ਭਤੀਜੀ ਨੂੰ ਮਿਲਣ ਲਈ ਘਰੋਂ ਨਿਕਲਿਆ, ਉਸ ਦੇ ਸਾਹ ਚੱਲ ਰਹੇ ਸਨ ਅਤੇ ਉਸ ਨੂੰ ਸਾਹ ਲੈਣ 'ਚ ਪਰੇਸ਼ਾਨੀ ਵੀ ਮਹਿਸੂਸ ਹੋ ਰਹੀ ਸੀ। ਮੁੱਖ ਚੌਰਾਹੇ 'ਤੇ ਪਹੁੰਚ ਕੇ ਉਹ ਜ਼ਮੀਨ 'ਤੇ ਡਿੱਗ ਗਿਆ ਅਤੇ ਉੱਥੇ ਉਸ ਦੀ ਮੌਤ ਹੋ ਗਈ।