ਕੋਰੋਨਾ ਮਹਾਮਾਰੀ ਕਾਰਨ ATM ਤੋਂ ਵੱਧ ਪੈਸਾ ਕੱਢਵਾ ਰਹੇ ਲੋਕ, ਜਾਣੋ ਕਿਉਂ
Sunday, May 16, 2021 - 06:49 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਨੇ ਨਕਦੀ ਦੀ ਵਰਤੋਂ ਨੂੰ ਲੈ ਕੇ ਵੀ ਲੋਕਾਂ ਦੇ ਰਵੱਈਏ 'ਚ ਤਬਦੀਲੀ ਲਿਆਂਦੀ ਹੈ। ਹੁਣ ਲੋਕ ਬੈਂਕ ਸ਼ਾਖਾ 'ਚ ਵਾਰ-ਵਾਰ ਜਾਣ ਤੋਂ ਬਚਣ ਲਈ ਏ.ਟੀ.ਐੱਮ. ਤੋਂ ਹੀ ਵੱਡੀ ਰਾਸ਼ੀ ਕੱਢਣ ਨੂੰ ਤਰਜੀਹ ਦੇ ਰਹੇ ਹਨ। ਨਾਲ ਹੀ ਛੋਟੇ ਤੋਂ ਛੋਟਾ ਭੁਗਤਾਨ ਵੀ ਡਿਜ਼ੀਟਲ ਮਾਧਿਅਮ ਨਾਲ ਕਰਨਾ ਪਸੰਦ ਕਰ ਰਹੇ ਹਨ। ਮਹਾਮਾਰੀ ਦੀ ਦੂਜੀ ਲਹਿਰ ਤੋਂ ਲੋਕ ਚੌਕਸ ਹੋਏ ਹਨ। ਉਹ ਐਮਰਜੈਂਸੀ ਉਪਯੋਗ ਲਈ ਬੈਂਕ ਸ਼ਾਖਾ ਦੀ ਬਜਾਏ ਏ.ਟੀ.ਐੱਮ. ਤੋਂ ਇਕ ਵਾਰ ਹੀ ਜ਼ਿਆਦਾ ਪੈਸਾ ਕੱਢਵਾ ਰਹੇ ਹਨ। ਨਾਲ ਹੀ ਭੁਗਤਾਨ ਲਈ ਯੂ.ਪੀ.ਆਈ. (ਯੂਨੀਫਾਈਡ ਪੇਮੈਂਟ ਇੰਟਰਫੇਸ) ਅਤੇ ਹੋਰ ਡਿਜ਼ੀਟਲ ਤਰੀਕਿਆਂ ਦੀ ਵਰਤੋਂ ਕਰ ਰਹੇ ਹਨ। ਇਸ ਬਾਰੇ ਟੈਕਨਾਲੋਜੀਜ ਦੇ ਸੰਸਥਾਪਕ ਅਤੇ ਪ੍ਰਬੰਧਕ ਨਿਰਦੇਸ਼ਕ ਮੰਦਰ ਅਗਾਸ਼ੇ ਨੇ ਕਿਹਾ ਕਿ ਲਾਕਡਾਊਨ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਦੇਖਦੇ ਹੋਏ ਲੋਕ ਬੈਂਕ ਜਾਣ ਤੋਂ ਬਚ ਰਹੇ ਹਨ ਅਤੇ ਪੈਸੇ ਕੱਢਵਾਉਣ ਲਈ ਏ.ਟੀ.ਐੱਮ. ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ,''ਏ.ਟੀ.ਐੱਮ. ਰਾਹੀਂ ਪੈਸੇ ਕੱਢਵਾਉਣ 'ਚ ਕਰੀਬ 20 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦਾ ਕਾਰਨ ਲੋਕ ਵੱਧ ਰਾਸ਼ੀ ਕੱਢਵਾ ਰਹੇ ਹਨ ਅਤੇ ਦਵਾਈ ਤੇ ਹੋਰ ਐਮਰਜੈਂਸੀ ਸਥਿਤੀ ਲਈ ਨਕਦ ਰੱਖਣਾ ਚਾਅ ਰਹੇ ਹਨ।''
ਅਗਾਸ਼ੇ ਅਨੁਸਾਰ,''ਪਹਿਲਾਂ ਲੋਕ ਔਸਤਨ ਇਕ ਵਾਰ 'ਚ 2 ਤੋਂ 3 ਹਜ਼ਾਰ ਰੁਪਏ ਕੱਢਵਾਉਂਦੇ ਸਨ। ਹੁਣ ਇਹ ਕਰੀਬ 20 ਫੀਸਦੀ ਵੱਧ ਕੇ 3 ਤੋਂ 4 ਹਜ਼ਾਰ ਰੁਪਏ ਹੋ ਗਿਆ ਹੈ। ਇਹ ਰੁਝਾਨ ਸ਼ਹਿਰ ਅਤੇ ਪਿੰਡ ਦੋਹਾਂ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ।'' ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਲੈਣ-ਦੇਣ ਲਈ ਯੂ.ਪੀ.ਆਈ. ਮਨਪਸੰਦ ਮਾਧਿਅਮ ਬਣਿਆ ਹੋਇਆ ਹੈ ਪਰ ਇਸ ਰਾਹੀਂ ਲੈਣ-ਦੇਣ ਔਸਤ 1000 ਦੇ ਪੱਧਰ 'ਤੇ ਬਰਕਰਾਰ ਹੈ।'' ਅਗਾਸ਼ੇ ਅਨੁਸਾਰ ਲੋਕਾਂ ਦੇ ਰੁਖ 'ਚ ਤਬੀਦੀਲ ਨਾਲ ਆਈ.ਐੱਮ.ਪੀ.ਐੱਸ. (ਤੁਰੰਤ ਭੁਗਤਾਨ ਸੇਵਾ) ਰਾਹੀਂ ਭੁਗਤਾਨ 9 ਹਜ਼ਾਰ ਰੁਪਏ ਤੱਕ ਚੱਲਾ ਗਿਆ ਹੈ, ਜੋ ਪਹਿਲੇ 6 ਤੋਂ 7 ਹਜ਼ਾਰ ਰੁਪਏ ਸੀ। ਉਨ੍ਹਾਂ ਕਿਹਾ,''ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨੇ ਨਕਦ ਸਾਂਭ-ਸੰਭਾਲ ਅਤੇ ਪ੍ਰਬੰਧਨ 'ਤੇ ਪ੍ਰਭਾਵ ਪਾਇਆ ਹੈ ਅਤੇ ਇਹ ਸਭ ਲੰਬੇ ਸਮੇਂ 'ਚ ਡਿਜ਼ੀਟਲ ਭੁਗਤਾਨ ਦੇ ਪੱਖ 'ਚ ਹੈ।'' ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜੇ ਅਨੁਸਾਰ 7 ਮਈ ਨੂੰ ਚਲਨ 'ਚ ਮੁਦਰਾ ਦੀ ਮਾਤਰਾ 2,939,997 ਕਰੋੜ ਰੁਪਏ ਹੋ ਗਈ ਸੀ, ਜੋ 26 ਮਾਰਚ ਨੂੰ 2,858,640 ਕਰੋੜ ਰੁਪਏ ਸੀ। ਹਸਪਤਾਲਾਂ ਨੂੰ ਵੀ ਹਾਲ 'ਚ ਪੈਨ ਅਤੇ ਆਧਾਰ ਦੀ ਕਾਪੀ ਨਾਲ 2 ਲੱਖ ਰੁਪਏ ਤੋਂ ਵੱਧ ਨਕਦ ਲੈਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਕਾਰਨ ਵੀ ਲੋਕ ਆਪਣੇ ਕੋਲ ਪੈਸਾ ਰੱਖਣ ਨੂੰ ਤਰਜੀਹ ਦੇ ਰਹੇ ਹਨ।