ਕੋਰੋਨਾਵਾਇਰਸ: ਸ਼ੁਰੂਆਤ ''ਚ ਚੀਨ ਨੇ ਕੀਤੀ ਸੀ ਇਹ ਵੱਡੀ ਗਲਤੀ ,ਦੁਨੀਆ ਭੁਗਤ ਰਹੀ ਹੈ ਨਤੀਜਾ
Sunday, Mar 22, 2020 - 04:03 PM (IST)
ਨਵੀਂ ਦਿੱਲੀ- ਕੋਰੋਨਾਵਾਇਰਸ ਨੂੰ ਕੰਟਰੋਲ ਕਰਨ ਦੇ ਲਈ ਅੱਜ ਪੂਰਾ ਦੇਸ਼ ਜਨਤਾ ਕਰਫਿਊ ਦਾ ਪਾਲਣ ਕਰ ਰਿਹਾ ਹੈ। ਇਸ ਕਰਫਿਊ ਦਾ ਮਕਸਦ ਕੋਰੋਨਾਵਾਇਰਸ ਨੂੰ ਭਾਈਚਾਰਿਆਂ ਦੇ ਵਿਚਾਲੇ ਫੈਲਣ ਤੋਂ ਰੋਕਣਾ ਹੈ। ਜਿਥੇ ਇਕ ਪਾਸੇ ਭਾਰਤ ਜਨਤਾ ਕਰਫਿਊ ਦੇ ਦੌਰਾਨ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਉਥੇ ਹੀ ਜੇਕਰ ਚੀਨ ਨੇ ਸਮਾਂ ਰਹਿੰਦੇ ਇਸ 'ਤੇ ਸਖਤ ਕਦਮ ਚੁੱਕੇ ਹੁੰਦੇ ਤਾਂ ਕੋਰੋਨਾਵਾਇਰਸ ਕਾਰਨ ਦੁਨੀਆ ਦੀ ਹਾਲਤ ਇੰਨੀ ਗੰਭੀਰ ਨਾ ਹੋਈ ਹੁੰਦੀ।
ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਨਾਵਲ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ 95 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਸੀ ਜੇਕਰ ਚੀਨ ਨੇ ਸਮਾਂ ਰਹਿੰਦੇ ਇਸ ਗੰਭੀਰ ਮਹਾਮਾਰੀ ਨੂੰ ਲੈ ਕੇ ਸਾਵਧਾਨੀ ਵਰਤੀ ਹੁੰਦੀ। ਇਹ ਅਧਿਐਨ ਯੂਨੀਵਰਸਿਟੀ ਆਫ ਸਾਊਥੈਂਪਟਨ ਵਲੋਂ ਕੀਤਾ ਗਿਆ ਹੈ। ਇਸ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਹਿਊਮਨ ਮੂਵਮੈਂਟ ਤੇ ਬੀਮਾਰੀ ਦੀ ਸ਼ੁਰੂਆਤ ਦੇ ਅੰਕੜਿਆਂ ਨੂੰ ਇਕੱਠਾ ਕਰਨ ਦੇ ਲਈ ਮੈਪਿੰਗ ਤਕਨੀਕ ਦੀ ਵਰਤੋਂ ਕੀਤੀ ਤੇ ਮੰਨਿਆ ਜਦੋਂ ਚੀਨ ਵਿਚ ਕੋਰੋਨਾਵਾਇਰਸ ਫੈਲ ਰਿਹਾ ਸੀ ਤਾਂ ਸ਼ੁਰੂਆਤ ਵਿਚ ਇਸ ਦੇ ਫੈਲਣ ਦੀ ਰਫਤਾਰ ਬਹੁਤ ਹੌਲੀ ਸੀ, ਜਿਸ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ।
ਦੱਸ ਦਈਏ ਕਿ ਇਕ ਚੀਨੀ ਡਾਕਟਰ ਨੇ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਬਾਰੇ ਜਾਣਕਾਰੀ ਦਿੱਤੀ ਸੀ ਤੇ ਕਿਹਾ ਸੀ ਕਿ ਇਸ ਵਾਇਰਸ ਦੇ ਕਾਰਨ ਹਾਲਾਤ ਵਿਗੜ ਸਕਦੇ ਹਨ। ਉਸ ਦੌਰਾਨ ਚੀਨ ਨੇ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹਾਲਾਤ ਵਿਗੜਦੇ ਚਲੇ ਗਏ। ਕਿਉਂਕਿ ਵਾਇਰਸ ਚੀਨ ਤੋਂ ਸ਼ੁਰੂ ਹੋਇਆ ਸੀ ਇਸ ਲਈ ਇਥੇ ਹਾਲਾਤ ਹੋਰਾਂ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਖਰਾਬ ਹਨ। ਜਦੋਂ ਕੋਰੋਨਾਵਾਇਰਸ ਨੂੰ ਲੈ ਕੇ ਹਾਲਾਤ ਹੱਥ ਵਿਚੋਂ ਨਿਕਲ ਗਏ ਤਾਂ ਚੀਨ ਨੇ ਵੁਹਾਨ ਸ਼ਹਿਰ ਸਣੇ ਹੋਰ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ। ਉਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਸਰਕਾਰ ਦੇ ਨਿਰਦੇਸ਼ਾਂ ਦਾ ਪੂਰੀ ਪਾਲਣ ਕੀਤਾ ਸੀ। ਹਾਲਾਂਕਿ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਚੀਨ ਨੇ ਲਾਕਡਾਊਨ ਕਰਨ ਵਿਚ ਦੇਰੀ ਕਰ ਦਿੱਤੀ ਸੀ।
ਲਾਕਡਾਊਨ ਵਿਚ ਹੋਈ ਦੇਰੀ
ਅਧਿਐਨ ਵਿਚ ਸਾਹਮਣੇ ਆਇਆ ਕਿ ਜੇਕਰ ਚੀਨ ਹਾਲਾਤ ਵਿਗੜਨ ਤੋਂ ਇਕ ਹਫਤਾ ਪਹਿਲਾਂ ਲਾਕਡਾਊਨ ਕਰਦਾ ਤਾਂ 66 ਫੀਸਦੀ ਮਾਮਲੇ ਘੱਟ ਸਕਦੇ ਸਨ। ਜੇਕਰ ਲਾਕਡਾਊਨ ਦੋ ਹਫਤੇ ਪਹਿਲਾਂ ਕੀਤਾ ਜਾਂਦਾ ਤਾਂ 86 ਫੀਸਦੀ ਮਾਮਲੇ ਘੱਟ ਸਕਦੇ ਸਨ ਤੇ ਜੇਕਰ ਲਾਕਡਾਊਨ ਤਿੰਨ ਹਫਤੇ ਪਹਿਲਾਂ ਕੀਤਾ ਜਾਂਦਾ ਤਾਂ 95 ਫੀਸਦੀ ਮਾਮਲੇ ਘੱਟ ਕੀਤੇ ਜਾ ਸਕਦੇ ਸਨ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਲੋਕਾਂ ਵਿਚਾਲੇ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਅਜਿਹੇ ਵਿਚ ਸੋਸ਼ਲ ਡਿਸਟੈਂਸ ਬਣਾਉਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ੁਰੂਆਤ ਵਿਚ ਚੀਨ ਵਲੋਂ ਵਾਇਰਸ ਨੂੰ ਲੈ ਕੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਕੁਝ ਵਿਗਿਆਨ ਤੇ ਸਿਹਤ ਮਾਹਰਾਂ ਵਲੋਂ ਚੀਨੀ ਡਾਕਟਰ ਲੀ ਵੈਨਲੀਆਂਗ ਵੱਲ ਇਸ਼ਾਰਾ ਕੀਤਾ ਗਿਆ ਸੀ। ਇਸ ਨਾਲ ਇਹੀ ਪਤਾ ਲੱਗਦਾ ਹੈ ਕਿ ਚੀਨ ਨੇ ਕੋਰੋਨਾਵਾਇਰਸ ਨੂੰ ਆਪਣੇ ਸ਼ੁਰੂਆਤੀ ਦੌਰ ਵਿਚ ਨਜ਼ਰਅੰਦਾਜ਼ ਕੀਤਾ ਸੀ, ਜਿਸ ਦਾ ਨਤੀਜਾ ਪੂਰੀ ਦੁਨੀਆ ਝੱਲ ਰਹੀ ਹੈ।