ਹਫ਼ਤੇ ''ਚ ਦੋ ਦਿਨ ਤਾਲਾਬੰਦੀ ਕਾਰਨ ਪੱਛਮੀ ਬੰਗਾਲ ''ਚ ਸੰਨਾਟਾ

07/29/2020 1:26:20 PM

ਕੋਲਕਾਤਾ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ ਦੀ ਕੜੀ ਤੋੜਨ ਲਈ ਪੱਛਮੀ ਬੰਗਾਲ ਵਿਚ ਹਫ਼ਤੇ ਵਿਚ ਦੋ ਦਿਨ ਤਾਲਾਬੰਦੀ ਦੇ ਨਿਯਮ ਦੇ ਮੱਦੇਨਜ਼ਰ ਬੁੱਧਵਾਰ ਨੂੰ ਜਨਤਕ ਥਾਵਾਂ 'ਤੇ ਸੰਨਾਟਾ ਪਸਰਿਆ ਹੋਇਆ ਹੈ। ਸੂਬੇ ਵਿਚ ਟਰਾਂਸਪੋਰਟ ਦੇ ਸਾਰੇ ਜਨਤਕ ਸਾਧਨ, ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਵੀ ਬੰਦ ਹਨ। ਸਿਰਫ ਜ਼ਰੂਰੀ ਸੇਵਾਵਾਂ ਜਾਰੀ ਹਨ। ਕੋਲਕਾਤਾ ਕੌਮਾਂਤਰੀ ਹਵਾਈ ਅੱਡੇ 'ਤੇ ਆਉਣ ਵਾਲੀ ਅਤੇ ਇੱਥੋਂ ਜਾਣ ਵਾਲੀਆਂ ਉਡਾਣਾਂ ਦਾ ਪਰਿਚਾਲਨ ਵੀ ਬੰਦ ਹੈ। 

ਲੰਬੀ ਦੂਰੀ ਵਾਲੀਆਂ ਟਰੇਨਾਂ ਦੇ ਪਰਿਚਾਲਨ ਦੀਆਂ ਤਾਰੀਖ਼ਾਂ ਵੀ ਬੰਦ ਦੀ ਵਜ੍ਹਾ ਤੋਂ ਬਦਲ ਦਿੱਤੀਆਂ ਗਈਆਂ ਹਨ। ਬੰਦ ਦਰਮਿਆਨ ਦਵਾਈ ਦੀਆਂ ਦੁਕਾਨਾਂ ਅਤੇ ਹਸਪਤਾਲ, ਨਰਸਿੰਗ ਹੋਮ ਖੁੱਲ੍ਹ ਹਨ। ਇਨ੍ਹਾਂ ਨੂੰ ਤਾਲਾਬੰਦੀ ਦੇ ਦਾਇਰੇ ਵਿਚੋਂ ਬਾਹਰ ਰੱਖਿਆ ਗਿਆ ਹੈ। ਸੂਬੇ ਵਿਚ ਪੈਟਰੋਲ ਪੰਪ ਵੀ ਖੁੱਲ੍ਹੇ ਹਨ। ਸੂਬੇ 'ਚ ਪੁਲਸ ਮੁਲਾਜ਼ਮ ਸ਼ਹਿਰ ਦੇ ਰੁੱਝੇ ਹੋਏ ਚੌਰਾਹਿਆਂ 'ਤੇ ਗਸ਼ਤ ਕਰਦੇ ਹੋਏ ਦਿੱਸੇ। ਉੱਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਹਫ਼ਤੇ ਵਿਚ ਦੋ ਦਿਨ ਤਾਲਾਬੰਦੀ ਦਾ ਫ਼ੈਸਲਾ ਸੂਬੇ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਲਈ ਮਾਹਰਾਂ ਦੀ ਸਲਾਹ ਤੋਂ ਬਾਅਦ ਲਿਆ ਗਿਆ ਹੈ। ਸੂਬੇ ਵਿਚ ਕੋਰੋਨਾ ਦੀ ਵਜ੍ਹਾ ਨਾਲ ਮਰਨ ਵਾਲਿਆਂ ਦਾ ਅੰਕੜਾ 1,449 ਹੈ ਅਤੇ ਕੁੱਲ ਪੀੜਤ ਲੋਕਾਂ ਦੀ ਗਿਣਤੀ 62,964 ਹੈ।


Tanu

Content Editor

Related News