ਜਲਦ ਹੋਵੇਗੀ ਰਾਹੁਲ ਗਾਂਧੀ ਦੀ ਤਾਜਪੋਸ਼ੀ : ਸੋਨੀਆ ਗਾਂਧੀ
Saturday, Oct 14, 2017 - 12:24 AM (IST)
ਨਵੀਂ ਦਿੱਲੀ— ਰਾਹੁਲ ਗਾਂਧੀ ਦੀ ਜਲਦ ਤਾਜਪੋਸ਼ੀ 'ਤੇ ਸੋਨੀਆ ਗਾਂਧੀ ਨੇ ਮੋਹਰ ਲਗਾ ਦਿੱਤੀ ਹੈ। ਖੁਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਗੱਲ 'ਤੇ ਸੰਕੇਤ ਦਿੱਤੇ ਹਨ। ਪ੍ਰਣਬ ਮੁਖਰਜੀ ਦੀ ਕਿਤਾਬ ਦੀ ਘੁੰਢ ਚੁੱਕਾਈ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਕਾਂਗਰਸ ਮੁਖੀ ਸੋਨੀਆ ਗਾਂਧੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਲੋਕ ਮੈਨੂੰ ਅਕਸਰ ਰਾਹੁਲ ਦੀ ਤਾਜਪੋਸ਼ੀ ਬਾਰੇ ਪੁੱਛਦੇ ਰਹਿੰਦੇ ਹਨ ਤੇ ਹੁਣ ਇਹ ਬਹੁਤ ਜਲਦ ਹੋਣ ਵਾਲਾ ਹੈ।
ਚੋਣਾਂ 'ਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਕਾਂਗਰਸ ਰਾਹੁਲ ਦੀ ਅਗਵਾਈ 'ਚ ਆਉਣ ਵਾਲੀਆਂ ਚੋਣਾਂ 'ਚ ਪੂਰਾ ਜ਼ੋਰ ਲਗਾਉਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਗੁਜਰਾਤ ਤੇ ਦੂਜਾ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਨੂੰ ਲੀਡਰਸ਼ਿਪ ਸੌਂਪਣ ਦੀ ਤਿਆਰੀ ਚੱਲ ਰਹੀ ਹੈ। ਨਾਲ ਹੀ 2019 ਦੀਆਂ ਚੋਣਾਂ ਵੀ ਰਾਹੁਲ ਗਾਂਧੀ ਦੀ ਅਗਵਾਈ 'ਚ ਲੜਨ ਦੀ ਯੋਜਨਾ ਬਣਾ ਰਹੀ ਹੈ।
ਉਥੇ ਹੀ ਰਾਹੁਲ ਗਾਂਧੀ ਇਸ ਸਵਾਲ ਤੋਂ ਬਚਦੇ ਹੋਏ ਨਜ਼ਰ ਆਏ। ਉਨ੍ਹਾਂ ਤੋਂ ਜਦੋਂ ਤਾਜਪੋਸ਼ੀ ਬਾਰੇ ਸਵਾਲ ਕੀਤੇ ਗਿਏ ਤਾਂ ਉਹ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਆਪਣੀ ਤਾਜਪੋਸ਼ੀ ਦੇ ਸਾਵਲ ਨੂੰ ਟਾਲ ਗਏ। ਹਾਲਾਂਕਿ ਰਾਹੁਲ ਗਾਂਧੀ ਆਪਣੇ ਗੁਜਰਾਤ ਦੌਰੇ 'ਤੇ ਖੁਦ ਪਾਰਟੀ ਦੀ ਜ਼ਿੰਮੇਦਾਰੀ ਸੰਭਾਲਣ ਦੀ ਗੱਲ ਕਰ ਚੁੱਕੇ ਹਨ। ਉਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਹਿੰਦੀ ਹੈ ਤਾਂ ਉਹ ਜ਼ਿੰਮੇਦਾਰੀ ਸੰਭਾਲਣ ਲਈ ਤਿਆਰ ਹਨ।
ਉਨ੍ਹਾਂ ਤੋਂ ਇਲਾਵਾ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਨੇ ਵੀ ਰਾਹੁਲ ਗਾਂਧੀ ਦੀ ਤਾਜਪੋਸ਼ੀ ਨੂੰ ਲੈ ਕੇ ਜਨਤਕ ਤੌਰ 'ਤੇ ਬਿਆਨ ਦਿੱਤਾ ਸੀ। ਹਾਲ ਹੀ 'ਚ ਸਚਿਨ ਪਾਇਲਟ ਨੇ ਕਿਹਾ ਕਿ ਦੀਵਾਲੀ ਤੋਂ ਬਾਅਦ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦੀ ਜ਼ਿੰਮੇਦਾਰੀ ਸੌਂਪੀ ਦਾ ਸਕਦੀ ਹੈ। ਦੂਜੇ ਪਾਸੇ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਨੂੰ ਪਾਰਟੀ ਦੀ ਕਮਾਨ ਅਕਤੂਬਰ ਦੇ ਅੰਤ ਤਕ ਮਿਲ ਸਕਦੀ ਹੈ। ਜਾਣਕਾਰੀ ਮੁਤਾਬਕ 31 ਅਕਤੂਬਰ ਤਕ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਦੀ ਉਮੀਦ ਹੈ। ਇਸ ਦੇ ਲਈ ਪਾਰਟੀ 'ਚ ਬਕਾਇਦਾ ਚੋਣ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਦਿੱਲੀ ਕਾਂਗਰਸ ਨੇ ਇਸ ਸੰਬੰਧ 'ਚ ਪ੍ਰਸਤਾਵ ਵੀ ਪਾਸ ਕੀਤਾ ਸੀ।
