ਕੋਰੋਨਾ ਤੋਂ ਜੰਗ ਨਹੀਂ ਜਿੱਤ ਸਕਿਆ ਫੌਜ ਦਾ ਜਵਾਨ, ਹਸਪਤਾਲ ''ਚ ਕਰ ਲਈ ਖੁਦਕੁਸ਼ੀ
Wednesday, May 13, 2020 - 10:05 AM (IST)
ਨੈਸ਼ਨਲ ਡੈਸਕ- ਕੋਰੋਨਾ ਵਾਇਰਸ ਦਾ ਡਰ ਵਧਦਾ ਹੀ ਜਾ ਰਿਹਾ ਹੈ। ਦੇਸ਼ ਭਰ 'ਚ ਕਹਿਰ ਮਚਾਉਣ ਤੋਂ ਬਾਅਦ ਹੁਣ ਕੋਰੋਨਾ ਨੇ ਭਾਰਤੀ ਫੌਜ 'ਚ ਵੀ ਘੁਸਪੈਠ ਬਣਾ ਲਈ ਹੈ। ਕਈ ਜਵਾਨ ਇਸ ਦੀ ਲਪੇਟ 'ਚ ਆ ਗਏ ਹਨ। ਕੋਰੋਨਾ ਵਾਇਰਸ ਨਾਲ ਇਨਫੈਕਟਡ ਇਕ ਜਵਾਨ ਇਹ ਜੰਗ ਜਿੱਤ ਨਹੀਂ ਸਕਿਆ ਅਤੇ ਉਸ ਨੇ ਖੁਦ ਹੀ ਮੌਤ ਨੂੰ ਗਲੇ ਲਗਾ ਲਿਆ।
ਫੌਜ ਦੇ ਜਵਾਨ ਨੇ ਮੰਗਲਵਾਰ ਨੂੰ ਹਸਪਤਾਲ 'ਚ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ 31 ਸਾਲਾ ਜਵਾਨ ਨੂੰ ਫੇਫੜੇ ਦਾ ਕੈਂਸਰ ਵੀ ਸੀ ਅਤੇ ਇੱਥੋਂ ਦੇ ਫੌਜ ਬੇਸ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਨਾਂ ਦੇ ਨਮੂਨੇ ਨੂੰ ਕੋਵਿਡ-19 ਜਾਂਚ ਲਈ ਭੇਜਿਆ ਗਿਆ ਸੀ ਅਤੇ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।
ਪੁਲਸ ਅਨੁਸਾਰ ਖੁਦਕੁਸ਼ੀ ਦੀ ਸੂਚਨਾ ਮੰਗਲਵਾਰ ਤੜਕੇ ਸਵੇਰੇ 4 ਵਜੇ ਨਰਾਇਣਾ ਪੁਲਸ ਥਾਣੇ ਨੂੰ ਦਿੱਤੀ ਗਈ। ਪੁਲਸ ਡਿਪਟੀ ਕਮਿਸ਼ਨਰ (ਪੱਛਮੀ) ਦੀਪਕ ਪੁਰੋਹਿਤ ਨੇ ਦੱਸਿਆ ਕਿ ਜਦੋਂ ਪੁਲਸ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੀ ਤਾਂ ਜਵਾਨ ਦੀ ਲਾਸ਼ ਕੋਵਿਡ-19 ਵਾਰਡ ਦੇ ਪਿੱਛੇ ਨਾਇਲਾਨ ਦੀ ਰੱਸੀ ਨਾਲ ਦਰੱਖਤ ਨਾਲ ਲਟਕੀ ਮਿਲੀ। ਉੱਥੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਪੁਲਸ ਅਨੁਸਾਰ ਮ੍ਰਿਤਕ ਦਾ ਪਰਿਵਾਰ ਰਾਜਸਥਾਨ ਦੇ ਅਲਵਰ ਜ਼ਿਲੇ 'ਚ ਰਹਿੰਦਾ ਹੈ, ਜਿਨਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।