ਕੋਰੋਨਾ ਕਾਲ ''ਚ ਉੱਤਰ ਪ੍ਰਦੇਸ਼ ਸਰਕਾਰ ਦੇ ਅਕਸ ਨੂੰ ਲੈ ਕੇ ਘਬਰਾਈ ਭਾਜਪਾ, PM ਨੇ ਸੰਘ ਨਾਲ ਕੀਤਾ ਮੰਥਨ
Tuesday, May 25, 2021 - 01:36 PM (IST)
ਨਵੀਂ ਦਿੱਲੀ (ਇੰਟ.) : ਕੋਰੋਨਾ ਕਾਲ ’ਚ ਉੱਤਰ ਪ੍ਰਦੇਸ਼ ਦੇ ਸਿਆਸੀ ਹਾਲਾਤ ਨੂੰ ਲੈ ਕੇ ਭਾਜਪਾ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਲੀਡਰਸ਼ਿਪ ਦਰਮਿਆਨ ਉੱਚ ਪੱਧਰ ’ਤੇ ਮੰਥਨ ਹੋਇਆ। ਇਸ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ। ਬੈਠਕ ਵਿਚ ਕੋਰੋਨਾ ਲਾਗ ਦੀ ਬੀਮਾਰੀ ਦੇ ਹਾਲਾਤ ਵਿਚਕਾਰ ਸਰਕਾਰ ਤੇ ਪਾਰਟੀ ਦੇ ਅਕਸ ਨੂੰ ਲੈ ਕੇ ਚਰਚਾ ਹੋਈ। ਕੋਰੋਨਾ ਦੀ ਦੂਜੀ ਲਹਿਰ ਵਿਚਕਾਰ ਲੋਕਾਂ ’ਚ ਸਰਕਾਰ ਪ੍ਰਤੀ ਨਾਰਾਜ਼ਗੀ ਨੂੰ ਵੇਖਦਿਆਂ ਇਸ ਬੈਠਕ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਲਈ ਭਾਜਪਾ ਤੇ ਸੰਘ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਸਰਕਾਰੀ ਪੱਧਰ ’ਤੇ ਵੀ ਅਕਸ ਨੂੰ ਸੁਧਾਰਨ ਦੇ ਯਤਨ ਸ਼ੁਰੂ ਕਰਨ ’ਤੇ ਚਰਚਾ ਕੀਤੀ ਹੈ।
ਇਹ ਵੀ ਪੜ੍ਹੋ :RSS ਵੱਲੋਂ ਭਾਜਪਾ ਨੂੰ ਆਤਮ ਮੰਥਨ ਦੀ ਸਲਾਹ, ਕਿਹਾ-ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ 'ਚ ਪਾਸਾ ਪਲਟਿਆ
ਪਾਰਟੀ ਤੇ ਸੰਘ ਦੇ ਸੂਤਰਾਂ ਅਨੁਸਾਰ ਯੂ. ਪੀ. ਦੀ ਸਥਿਤੀ ’ਤੇ ਹੋਈ ਬੈਠਕ ਵਿਚ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਸੰਘ ਦੇ ਸਰਕਾਰਯਵਾਹ ਦੱਤਾਤ੍ਰੇਯ ਹੋਜ਼ਬਾਲੇ ਮੌਜੂਦ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਭਾਜਪਾ ਦੇ ਸੰਗਠਨ ਮੰਤਰੀ ਸੁਨੀਲ ਬਾਂਸਲ ਵੀ ਬੈਠਕ ਵਿਚ ਸ਼ਾਮਲ ਹੋਏ।ਸੂਤਰਾਂ ਅਨੁਸਾਰ ਬੈਠਕ ਵਿਚ ਸੰਗਠਨ ਤੇ ਸਰਕਾਰ ਸਬੰਧੀ ਕਈ ਫ਼ੈਸਲੇ ਲਏ ਗਏ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
ਜ਼ਿਕਰਯੋਗ ਹੈ ਕਿ ਕੋਰੋਨਾ ਲਾਗ ਦੀ ਬੀਮਾਰੀ ਨਾਲ ਉੱਤਰ ਪ੍ਰਦੇਸ਼ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸੂਬਿਆਂ ਵਿਚੋਂ ਇਕ ਹੈ, ਜਿੱਥੇ ਗੰਗਾ ਵਿਚ ਤੈਰਦੀਆਂ ਲਾਸ਼ਾਂ ਨੇ ਡਰਾਉਣਾ ਮੰਜ਼ਰ ਪੇਸ਼ ਕੀਤਾ ਹੈ।ਪਾਰਟੀ ਦੇ ਸੂਤਰਾਂ ਅਨੁਸਾਰ ਬੈਠਕ ਵਿਚ ਕੋਰੋਨਾ ਦੀ ਦੂਜੀ ਲਹਿਰ ਤੋ ਬਾਅਦ ਵਿਗੜੇ ਸਰਕਾਰ ਦੇ ਅਕਸ ’ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਉਸ ਨਾਲ ਨਜਿੱਠਣ ਦੇ ਯਤਨਾਂ ਬਾਰੇ ਚਰਚਾ ਹੋਈ। ਆਕਸੀਜਨ ਦੀ ਘਾਟ, ਗੰਗਾ ਵਿਚ ਮਿਲੀਆਂ ਲਾਸ਼ਾਂ, ਵੈਕਸੀਨੇਸ਼ਨ ਦੀ ਹੌਲੀ ਰਫ਼ਤਾਰ ਆਦਿ ਵਰਗੇ ਮੁੱਦਿਆਂ ਨੂੰ ਲੈ ਕੇ ਬੀਤੇ ਦਿਨੀਂ ਭਾਜਪਾ ਬਚਾਅ ਦੇ ਅੰਦਾਜ਼ ’ਚ ਨਜ਼ਰ ਆਈ। ਗੌਰਤਲਬ ਹੈ ਕਿ ਕਾਨੂੰਨ ਵਿਵਸਥਾ ਤੋਂ ਲੈ ਕੇ ਹੋਰ ਸਾਰੇ ਮੁੱਦਿਆਂ ’ਤੇ ਸਖ਼ਤ ਪ੍ਰਸ਼ਾਸਕ ਦਾ ਅਕਸ ਰੱਖਣ ਵਾਲੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸਰਕਾਰ ’ਤੇ ਕਈ ਸਵਾਲ ਉੱਠੇ ਹਨ।
ਮਿਸ਼ਨ 2024 ਦੇ ਲਿਹਾਜ਼ ਨਾਲ ਭਾਜਪਾ ਲਈ ਉੱਤਰ ਪ੍ਰਦੇਸ਼ ਅਹਿਮ
ਭਾਜਪਾ ਤੇ ਸੰਘ ਲਈ ਯੂ. ਪੀ. ਦੀ ਚਿੰਤਾ ਇਸ ਲਈ ਵੀ ਅਹਿਮ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਦੇ ਲਿਹਾਜ਼ ਨਾਲ ਤਾਂ ਇਹ ਸਭ ਤੋਂ ਵੱਡਾ ਸੂਬਾ ਹੈ ਹੀ, ਲੋਕ ਸਭਾ ਲਈ ਵੀ ਅਹਿਮ ਹੈ। ਲੋਕ ਸਭਾ ਦੇ ਸਭ ਤੋਂ ਵੱਧ 80 ਸੰਸਦ ਮੈਂਬਰ ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ। ਅਜਿਹੀ ਹਾਲਤ ’ਚ ਜੇ 2022 ਵਿਚ ਭਾਜਪਾ ਸੱਤਾ ’ਚ ਵਾਪਸੀ ਕਰਦੀ ਹੈ ਤਾਂ ਫਿਰ ਮਿਸ਼ਨ 2024 ਵੀ ਉਸ ਦੇ ਲਈ ਬਹੁਤ ਮੁਸ਼ਕਲ ਨਹੀਂ ਹੋਵੇਗਾ। ਇਸੇ ਮਕਸਦ ਨਾਲ ਪਾਰਟੀ ਨੇ ਯੂ. ਪੀ. ਨੂੰ ਫੋਕਸ ਕਰ ਕੇ ਆਪਣੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਨੋਟ: ਕੋਰੋਨਾ ਕਾਲ 'ਚ ਸਿਹਤ ਸਹੂਲਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ?