ਹਿਮਾਚਲ ਦੇ DGP ਸਮੇਤ 28 ਪੁਲਸ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ
Wednesday, Jun 10, 2020 - 10:28 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਸਮੇਤ 28 ਪੁਲਸ ਕਰਮਚਾਰੀਆਂ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਹੈ ਤੇ ਹੁਣ ਪੁਲਸ ਹੈੱਡਕੁਆਰਟਰ ਵੀਰਵਾਰ ਨੂੰ ਆਮ ਵਾਂਗ ਖੁੱਲ੍ਹੇਗਾ। ਪੁਲਸ ਹੈੱਡਕੁਆਰਟਰ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕਰਨ ਦੇ ਲਈ ਮੰਗਲਵਾਰ ਦੁਪਹਿਰ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਅਜਿਹੇ 'ਚ ਅੱਜ ਵੀ ਪੁਲਸ ਹੈੱਡਕੁਆਰਟਰ 'ਚ ਸੈਨੀਟਾਜੇਸ਼ਨ ਦਾ ਕੰਮ ਚੱਲਦਾ ਰਿਹਾ। ਹੁਣ ਵੀਰਵਾਰ ਨੂੰ ਸਵੇਰੇ 10 ਵਜੇ ਰੋਜ਼ਾਨਾ ਦੀ ਤਰ੍ਹਾਂ ਪੁਲਸ ਹੈੱਡਕੁਆਰਟਰ ਖੁੱਲ੍ਹੇਗਾ। ਆਈ. ਜੀ. ਐੱਮ. ਸੀ. ਹਸਪਤਾਲ ਦੀ ਮੈਡੀਕਲ ਟੀਮ ਨੇ ਪੁਲਸ ਹੈੱਡਕੁਆਰਟਰ ਵਿੱਚ ਜਿਨ੍ਹਾਂ 29 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੋਰੋਨਾ ਸੈਂਪਲ ਲਏ ਸੀ, ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪੁਲਸ ਹੈੱਡਕੁਆਰਟਰ ਨਾਲ ਜੁੜੇ ਸਾਰੇ ਸਬੰਧਤ ਅਧਿਕਾਰੀ ਤੇ ਕਰਮਚਾਰੀ ਦੂਜੇ ਦਿਨ ਵੀ ਕੁਆਰੰਟੀਨ ਵਿਚ ਹੀ ਰਹੇ।
ਜ਼ਿਕਰਯੋਗ ਹੈ ਕਿ ਦਿੱਲੀ ਤੋਂ ਇਕ ਵਿਅਕਤੀ ਸੂਬੇ ਦੇ ਨਵ ਨਿਯੁਕਤ ਡੀ. ਜੀ. ਪੀ. ਨੂੰ ਪੁਲਸ ਹੈੱਡਕੁਆਰਟਰ ਵਧਾਈ ਦੇਣ ਪਹੁੰਚਿਆ ਤੇ ਉਸੇ ਦਿਨ ਵਾਪਸ ਚਲਾ ਗਿਆ। 8 ਜੂਨ ਨੂੰ ਦਿੱਲੀ 'ਚ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਤੇ ਉਸਦੇ ਅਗਲੇ ਦਿਨ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਡੀ. ਜੀ. ਪੀ. ਸਮੇਤ ਕੁਝ ਹੋਰ ਅਧਿਕਾਰੀ ਤੇ ਕਰਮਚਾਰੀ ਹੋਮ ਆਈਸੋਲੇਸ਼ਨ ਵਿਚ ਚੱਲ ਗਏ ਸਨ। ਇਸ ਤੋਂ ਇਲਾਵਾ ਡੀ. ਜੀ. ਪੀ. ਨਾਲ ਮਿਲਣ ਵਾਲੇ ਸ਼ਿਮਲਾ ਦੇ ਕੁਝ ਮੀਡੀਆ ਕਰਮਚਾਰੀ ਵੀ ਹੋਮ ਆਈਸੋਲੇਸ਼ਨ 'ਚ ਚੱਲ ਗਏ ਹਨ। ਪੁਲਸ ਚੌਕੀ ਸ਼ੋਗੀ ਦੇ ਸਟਾਫ ਨੂੰ ਵੀ ਅਲੱਗ ਕੀਤਾ ਗਿਆ ਹੈ।