ਦਿੱਲੀ ''ਚ ਕੋਰੋਨਾ ਪੀੜਤਾਂ ਦੀ ਗਿਣਤੀ 13 ਹਜ਼ਾਰ ਤੋਂ ਪਾਰ ਪਹੁੰਚੀ, 261 ਮੌਤਾਂ
Sunday, May 24, 2020 - 03:58 PM (IST)
ਨਵੀਂ ਦਿੱਲੀ-ਦਿੱਲੀ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇੱਥੇ 24 ਘੰਟਿਆਂ ਦੌਰਾਨ 508 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਗਿਣਤੀ 13418 ਤੱਕ ਪਹੁੰਚ ਚੁੱਕੀ ਹੈ ਜਦਕਿ 261 ਲੋਕਾਂ ਦੀ ਮੌਤ ਹੋ ਚੁੱਕੀ ਹੈ।ਅੱਜ ਭਾਵ ਐਤਵਾਰ ਨੂੰ ਜਾਰੀ ਬੁਲੇਟਿਨ 'ਚ ਦਿੱਲੀ ਦੇ ਸਿਹਤ ਵਿਭਾਗ ਨੇ ਕਿਹਾ ਹੈ ਕਿ ਹੁਣ ਤੱਕ 6540 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 6617 ਮਾਮਲੇ ਸਰਗਰਮ ਹਨ। ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਤੱਕ ਪੀੜਤ ਮਰੀਜ਼ਾਂ ਦੀ ਗਿਣਤੀ 12910 ਸੀ ਅਤੇ 231 ਲੋਕਾਂ ਦੀ ਮੌਤ ਹੋਈ ਸੀ।
ਦਿੱਲੀ 'ਚ ਕੋਰੋਨਾ ਦੇ ਲਈ ਬਣਾਏ ਗਏ ਵਿਸ਼ੇਸ਼ ਕੋਵਿਡ ਹਸਪਤਾਲ 'ਚ 1995 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 184 ਆਈ.ਸੀ.ਯੂ ਅਤੇ 27 ਵੈਂਟੀਲੇਟਰ 'ਤੇ ਹਨ। ਸਭ ਤੋਂ ਜ਼ਿਆਦਾ ਪੀੜਤ 536 ਲੋਕਨਾਇਕ ਜੈਪ੍ਰਕਾਸ਼ ਨਰਾਇਣ ਹਸਪਤਾਲ (ਐੱਲ.ਐੱਨ.ਜੇ.ਪੀ) 'ਚ ਭਰਤੀ ਹਨ, ਜਿਸ 'ਚ 29 ਆਈ.ਸੀ.ਯੂ 'ਚ ਹਨ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ (ਏਮਜ਼) ਦਿੱਲੀ ਅਤੇ ਝੱਜਰ 'ਚ ਕੁੱਲ 515 ਪੀੜਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 15 ਆਈ.ਸੀ.ਯੂ ਅਤੇ 8 ਵੈਂਟੀਲੇਟਰ 'ਤੇ ਹਨ।
ਇਸ ਤੋਂ ਇਲਾਵਾ ਦੇਸ਼ ਭਰ 'ਚ ਲਗਾਤਾਰ ਅੱਜ ਵੀ ਕੋਰੋਨਾ ਦੇ 6654 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ ਹੁਣ ਤੱਕ ਪੀੜਤਾਂ ਦੀ ਗਿਣਤੀ 1,31,868 ਤੱਕ ਪਹੁੰਚ ਚੁੱਕੀ ਹੈ ਜਦਕਿ 3867 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ 54440 ਲੋਕ ਠੀਕ ਵੀ ਹੋ ਚੁੱਕੇ ਹਨ ਅਤੇ ਦੇਸ਼ ਭਰ 'ਚ 73560 ਮਾਮਲੇ ਸਰਗਰਮ ਹਨ।