PM ਮੋਦੀ ਤੇ ਚੋਣ ਕਮਿਸ਼ਨ ਦੀ AI ਵੀਡੀਓ ''ਤੇ ਵਿਵਾਦ ! ''X'' ਤੇ ਯੂਜ਼ਰ ਵਿਰੁੱਧ ਕੇਸ ਦਰਜ
Thursday, Mar 26, 2026 - 04:35 PM (IST)
ਨੈਸ਼ਨਲ ਡੈਸਕ : ਕੇਰਲ ਦੇ ਤਿਰੂਵਨੰਤਪੁਰਮ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਬਣਾਈ ਗਈ ਇੱਕ ਵੀਡੀਓ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਵੀਡੀਓ 'ਚ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਭਾਰਤੀ ਚੋਣ ਕਮਿਸ਼ਨ (ECI) ਨੂੰ ਕਥਿਤ ਤੌਰ 'ਤੇ ਗਲਤ, ਭਰਾਮਕ ਅਤੇ ਅਪਮਾਨਜਨਕ ਤਰੀਕੇ ਨਾਲ ਦਿਖਾਇਆ ਗਿਆ ਸੀ। ਇਸ ਮਾਮਲੇ 'ਚ ਕੇਰਲ ਪੁਲਸ ਦੀ ਸਾਈਬਰ ਵਿੰਗ ਨੇ ਸਖ਼ਤ ਕਾਰਵਾਈ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ 'X' (ਪਹਿਲਾਂ ਟਵਿੱਟਰ) ਅਤੇ ਇੱਕ ਯੂਜ਼ਰ ਹੈਂਡਲ 'Laxmi N Raju (@valiant_Raju)' ਵਿਰੁੱਧ ਐਫ.ਆਈ.ਆਰ. (FIR) ਦਰਜ ਕੀਤੀ ਹੈ।
ਪੁਲਸ ਅਨੁਸਾਰ 1 ਮਿੰਟ 17 ਸੈਕਿੰਡ ਦੀ ਇਹ ਵੀਡੀਓ ਜਾਨਬੁੱਝ ਕੇ ਚੋਣਾਂ ਦੇ ਮਾਹੌਲ ਨੂੰ ਪ੍ਰਭਾਵਿਤ ਕਰਨ ਅਤੇ ਲੋਕਤੰਤਰੀ ਸੰਸਥਾਵਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਲਈ ਪੋਸਟ ਕੀਤੀ ਗਈ ਸੀ। ਵੀਡੀਓ 'ਚ ਚੋਣ ਕਮਿਸ਼ਨ ਦੇ ਇੱਕ ਪੱਤਰ ਦਾ ਜ਼ਿਕਰ ਕੀਤਾ ਗਿਆ ਸੀ, ਜਿਸ 'ਤੇ ਕਥਿਤ ਤੌਰ 'ਤੇ ਭਾਜਪਾ ਦੀ ਕੇਰਲ ਇਕਾਈ ਦੀ ਮੋਹਰ ਲੱਗੀ ਦਿਖਾਈ ਗਈ ਸੀ। ਇਸ ਮੁੱਦੇ ਨੂੰ ਸੀ.ਪੀ.ਆਈ.(ਐੱਮ.) ਵੱਲੋਂ ਚੁੱਕੇ ਜਾਣ ਤੋਂ ਬਾਅਦ ਇਹ ਇੱਕ ਵੱਡਾ ਸਿਆਸੀ ਮੁੱਦਾ ਬਣ ਗਿਆ।
ਇਸ ਵਿਵਾਦ 'ਤੇ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਪੱਤਰ 'ਤੇ ਗਲਤ ਮੋਹਰ ਲੱਗਣਾ ਸਿਰਫ ਇੱਕ "ਕਲੈਰੀਕਲ ਗਲਤੀ" (ਲਿਖਤੀ ਗਲਤੀ) ਸੀ, ਜਿਸ ਨੂੰ ਤੁਰੰਤ ਸੁਧਾਰ ਲਿਆ ਗਿਆ ਸੀ।
ਕਮਿਸ਼ਨ ਨੇ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀ ਨੂੰ ਮੁਅੱਤਲ ਵੀ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪਲੇਟਫਾਰਮ 'X' ਨੂੰ ਕੰਟੈਂਟ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਦੇਰੀ ਹੋਣ ਕਾਰਨ ਉਸ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਪੁਲਸ ਨੇ ਇਹ ਮਾਮਲਾ ਭਾਰਤੀ ਨਿਆਇ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਜਿਵੇਂ ਕਿ ਧਾਰਾ 352 (ਅਪਮਾਨ), 336 (ਜਾਲਸਾਜੀ), 174 (ਚੋਣਾਂ ਵਿੱਚ ਅਣਉਚਿਤ ਪ੍ਰਭਾਵ) ਅਤੇ ਆਈ.ਟੀ. ਐਕਟ ਦੀ ਧਾਰਾ 66C ਤਹਿਤ ਦਰਜ ਕੀਤਾ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਵੀਡੀਓ ਕਿਸ ਨੇ ਤਿਆਰ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
