ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 470ਵੇਂ ਟਰੱਕ ਦੀ ਸਮੱਗਰੀ

03/26/2018 8:43:55 AM

ਜਲੰਧਰ (ਜੁਗਿੰਦਰ ਸੰਧੂ) — ਪਾਕਿਸਤਾਨ ਦੀਆਂ ਘਟੀਆ ਸਾਜ਼ਿਸ਼ਾਂ ਅਤੇ ਭਾਰਤ-ਵਿਰੋਧੀ ਨੀਤੀਆਂ ਕਾਰਨ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ਵਿਚ ਹਾਲਾਤ ਬਹੁਤ ਵਿਗੜਦੇ ਜਾ ਰਹੇ ਹਨ। ਸਰਹੱਦੀ ਪਿੰਡਾਂ ਦੇ ਲੋਕਾਂ 'ਤੇ ਪਾਕਿਸਤਾਨੀਆਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਜੰਗ ਵਰਗੀ ਸਥਿਤੀ ਬਣਾਈ ਹੋਈ ਹੈ। ਅਜਿਹੀ ਹਾਲਤ 'ਚ ਲੋਕਾਂ ਦੇ ਕੰਮ-ਧੰਦੇ ਬਹੁਤ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਉਹ ਦੋ ਵਕਤ ਦੀ ਰੋਟੀ ਲਈ ਵੀ ਚਿੰਤਤ ਰਹਿੰਦੇ ਹਨ। ਅਜਿਹੇ ਪੀੜਤ ਪਰਿਵਾਰਾਂ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਰਾਹਤ ਮੁਹਿੰਮ ਅਧੀਨ 470ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਭਿਜਵਾਈ ਗਈ ਸੀ। 
ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਹਿਮਾਚਲ ਪ੍ਰਦੇਸ਼ ਦੇ ਡੇਰਾ ਬਾਬਾ ਰੁਦਰਾਨੰਦ ਆਸ਼ਰਮ ਨਾਰੀ (ਊਨਾ) ਦੇ ਮੁਖੀ ਸ਼੍ਰੀ ਸ਼੍ਰੀ 1008 ਮਹਾਰਾਜ ਸੁਗਰੀਵਾਨੰਦ ਜੀ ਦੀ ਕ੍ਰਿਪਾ ਸਦਕਾ ਭਿਜਵਾਈ ਗਈ ਸੀ। ਊਨਾ ਦੀ ਪੱਤਰਕਾਰ ਸਰੋਜ ਮੌਦਗਿਲ ਦੇ ਯਤਨਾਂ ਸਦਕਾ ਰਾਹਤ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸ਼ਸ਼ੀ ਪੁਰੀ, ਰਮਨ ਸ਼ਰਮਾ, ਅਸ਼ੋਕ ਠਾਕਰ, ਦਿਗੰਬਰ ਜਸਪਾਲ ਟੋਨੀ ਅਤੇ ਇੰਜੀਨੀਅਰ ਪ੍ਰਵੀਨ ਮੌਦਗਿਲ ਨੇ ਵੀ ਵਡਮੁੱਲਾ ਯੋਗਦਾਨ ਪਾਇਆ। ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 10 ਕਿਲੋ ਚਾਵਲ, 2 ਕਿਲੋ ਖੰਡ, 2 ਕਿਲੋ ਦਾਲ ਅਤੇ ਇਕ ਕੰਬਲ ਸ਼ਾਮਿਲ ਸੀ।
ਰਾਹਤ ਮੁਹਿੰਮ ਦੇ ਮੁਖੀ ਡਾ. ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਦੀ ਦੇਖ-ਰੇਖ ਹੇਠ ਇਸ ਸਮੱਗਰੀ ਦੀ ਵੰਡ ਹੀਰਾ ਨਗਰ ਸੈਕਟਰ ਦੇ ਪਿੰਡ ਕੁੰਥਲ ਵਿਖੇ ਸਥਿਤ ਸੰਤੋਸ਼ੀ ਮਾਤਾ ਮੰਦਰ ਧਾਮ ਦੇ ਵਿਹੜੇ ਵਿਚ ਕੀਤੀ ਗਈ।
ਸਮੱਗਰੀ ਦੀ ਵੰਡ ਸਮੇਂ ਸ਼੍ਰੀ ਵਿਜੇ ਕੁਮਾਰ ਚੋਪੜਾ, ਮੰਦਰ ਦੇ ਸ਼੍ਰੀ ਸ਼੍ਰੀ 108 ਮਹੰਤ ਸੋਮਪੁਰੀ ਜੀ ਮਹਾਰਾਜ ਤੋਂ ਇਲਾਵਾ ਸਾਬਕਾ ਐੱਮ. ਐੱਲ. ਸੀ. ਸ਼੍ਰੀ ਸੁਭਾਸ਼ ਗੁਪਤਾ, ਰਿਟਾਇਰਡ ਕੰਜ਼ਰਵੇਟਿਵ ਮੁਕਰਜੀਤ ਸ਼ਰਮਾ, ਹੀਰਾ ਨਗਰ ਦੇ ਵਿਧਾਇਕ ਕੁਲਦੀਪ ਰਾਜ, ਗਿਰਧਾਰੀ ਲਾਲ ਗਲਹੋਤਰਾ, ਜਲੰਧਰ ਦੇ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ, ਸ਼ਿਵ ਕੁਮਾਰ ਸ਼ਰਮਾ, ਪ੍ਰਵੀਨ ਕੋਹਲੀ ਅਤੇ ਇਲਾਕੇ ਦੀਆਂ ਹੋਰ ਉੱਘੀਆਂ ਸ਼ਖ਼ਸੀਅਤਾਂ ਅਤੇ ਪੰਚ-ਸਰਪੰਚ ਵੀ ਮੌਜੂਦ ਸਨ।
ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਸਰਹੱਦੀ ਖੇਤਰਾਂ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ ਸਨ। ਜ਼ਿਕਰਯੋਗ ਹੈ ਕਿ ਸ਼੍ਰੀ ਸ਼੍ਰੀ 1008 ਸੁਗਰੀਵਾਨੰਦ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਇਸ ਤੋਂ ਪਹਿਲਾਂ ਵੀ ਰਾਹਤ ਸਮੱਗਰੀ ਦੇ 9 ਟਰੱਕ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਏ ਜਾ ਚੁੱਕੇ ਹਨ।

 


Related News