ਅਣਚਾਹੀਆਂ ਕਾਲਾਂ ’ਤੇ ਖਪਤਕਾਰ ਮੰਤਰਾਲਾ ਅਗਲੇ ਮਹੀਨੇ ਜਾਰੀ ਕਰੇਗਾ ਦਿਸ਼ਾ-ਨਿਰਦੇਸ਼
Tuesday, Dec 24, 2024 - 10:21 PM (IST)
ਨਵੀਂ ਦਿੱਲੀ, (ਭਾਸ਼ਾ)- ਅਣਚਾਹੇ ਵਪਾਰਕ ਸੰਚਾਰ ਜਾਂ ਅਣਚਾਹੀਆਂ ਕਾਲਾਂ ਨਾਲ ਨਜਿੱਠਣ ਲਈ ਖਪਤਕਾਰ ਮਾਮਲਿਆਂ ਦਾ ਮੰਤਰਾਲਾ ਅਗਲੇ ਮਹੀਨੇ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਵਿਭਾਗ ਨੇ ਹਿੱਤਧਾਰਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਦਿਸ਼ਾ-ਨਿਰਦੇਸ਼ਾਂ ਦਾ ਖਰੜਾ ਤਿਆਰ ਕੀਤਾ ਹੈ, ਜਿਨ੍ਹਾਂ ਨੂੰ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਆਉਣ ਵਾਲੇ ਨਿਯਮਾਂ ਨਾਲ ਤਰਕਸੰਗਤ ਬਣਾਇਆ ਜਾਵੇਗਾ।
ਖਰੇ ਨੇ ਰਾਸ਼ਟਰੀ ਖਪਤਕਾਰ ਦਿਵਸ ਸਮਾਰੋਹ ਦੇ ਮੌਕੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਅਣਚਾਹੀਆਂ ਫੋਨ ਕਾਲਾਂ ’ਤੇ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ਦੇ ਨਾਲ ਤਿਆਰ ਹਾਂ। ਅਸੀਂ ਇਸ ਨੂੰ ਟਰਾਈ ਦੇ ਮਾਪਦੰਡਾਂ ਨਾਲ ਤਰਕਸੰਗਤ ਬਣਾਵਾਂਗੇ ਅਤੇ ਅਗਲੇ ਮਹੀਨੇ ਜਾਰੀ ਕਰਾਂਗੇ।’’
ਸਮਾਰੋਹ ’ਚ ਮੌਜੂਦ ਟਰਾਈ ਦੇ ਚੇਅਰਮੈਨ ਅਨਿਲ ਕੁਮਾਰ ਲਾਹੋਟੀ ਨੇ ਕਿਹਾ ਕਿ ਖਪਤਕਾਰ ਮੰਤਰਾਲਾ ਵਪਾਰਕ ਇਕਾਈਆਂ ਦੀ ਭੂਮਿਕਾ, ਜ਼ਿੰਮੇਵਾਰੀਆਂ ਅਤੇ ਆਚਰਣ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜਦੋਂ ਕਿ ਦੂਰਸੰਚਾਰ ਰੈਗੂਲੇਟਰ ਵਧਦੀਆਂ ਖਪਤਕਾਰ ਸ਼ਿਕਾਇਤਾਂ ਦੇ ਜਵਾਬ ’ਚ ਵੱਖਰੇ ਤੌਰ ’ਤੇ ਸਖ਼ਤ ਪੈਮਾਨਾ ਜਾਰੀ ਕਰੇਗਾ। ਇਹ ਪਹਿਲ ਟਰਾਈ ਦੀ ਅਗਵਾਈ ਵਾਲੀ ਰੈਗੂਲੇਟਰਾਂ ਦੀ ਇਕ ਸਾਂਝੀ ਕਮੇਟੀ ਦੀ ਦੇਣ ਹੈ।