ਸੰਤਾਂ ਦਾ ਐਲਾਨ, 21 ਫਰਵਰੀ ਤੋਂ ਸ਼ੁਰੂ ਹੋਵੇਗੀ ਰਾਮ ਮੰਦਰ ਦੀ ਉਸਾਰੀ
Thursday, Jan 31, 2019 - 09:53 AM (IST)

ਪ੍ਰਯਾਗਰਾਜ— ਪ੍ਰਯਾਗਰਾਜ ਵਿਖੇ ਸੰਤਾਂ ਦੀ ਧਰਮ ਸੰਸਦ ਨੇ ਬੁੱਧਵਾਰ ਐਲਾਨ ਕੀਤਾ ਕਿ ਸੰਤ ਸਮਾਜ ਦੇ ਲੋਕ ਫਰਵਰੀ ਮਹੀਨੇ ਵਿਚ ਪ੍ਰਯਾਗਰਾਜ ਤੋਂ ਅਯੁੱਧਿਆ ਲਈ ਕੂਚ ਕਰਨਗੇ ।
ਪਰਮ ਧਰਮ ਸੰਸਦ ਵਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਮੰਦਰ ਦੀ ਉਸਾਰੀ 21 ਫਰਵਰੀ ਤੋਂ ਸ਼ੁਰੂ ਕੀਤੀ ਜਾਏਗੀ। ਅਦਾਲਤ ਦੇ ਰਵੱਈਏ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਸੰਤਾਂ ਨੇ ਕਿਹਾ ਕਿ ਇਹ ਅਫਸੋਸ ਵਾਲੀ ਗੱਲ ਹੈ ਕਿ ਕੁੱਤੇ ਤੱਕ ਨੂੰ ਤੁਰੰਤ ਇਨਸਾਫ ਦਿਵਾਉਣ ਵਾਲੇ ਭਗਵਾਨ ਰਾਮ ਦੇ ਇਸ ਦੇਸ਼ ਵਿਚ ਭਗਵਾਨ ਰਾਮ ਦੀ ਜਨਮ ਭੂਮੀ ਸਬੰਧੀ ਮੁਕੱਦਮੇ ਦਾ ਕੋਈ ਨਿਪਟਾਰਾ ਨਹੀਂ ਹੋ ਰਿਹਾ ਜਿਸ ਕਾਰਨ ਰਾਮ ਭਗਤਾਂ ਵਿਚ ਨਿਰਾਸ਼ਾ ਵਧ ਰਹੀ ਹੈ।
ਉਨ੍ਹਾਂ ਰਾਮ ਜਨਮ ਭੂਮੀ ਵਿਵਾਦ ਦੀ ਨਿਆਂ ਪ੍ਰਕਿਰਿਆ ਵਿਚ ਦਖਲ ਦਿੰਦੇ ਹੋਏ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਵਾਈ ਹੈ, ਜਿਸ ਵਿਚ ਗੈਰ-ਵਿਵਾਦ ਵਾਲੀ ਜ਼ਮੀਨ ਨੂੰ ਉਸ ਦੇ ਮਾਲਕਾਂ ਨੂੰ ਵਾਪਸ ਕਰਨ ਦੀ ਗੱਲ ਕਹੀ ਗਈ ਹੈ।
ਸਮਾਂ ਆਉਣ ’ਤੇ ਹਿੰਦੂਆਂ ਨੂੰ ਦਿਆਂਗੇ ਧਰਮਾਦੇਸ਼ : ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਜੇ ਇਸ ਕੰਮ ਵਿਚ ਸੱਤਾ ਦੇ ਤਿੰਨ ਅੰਗਾਂ ਵਿਚੋਂ ਕਿਸੇ ਵਲੋਂ ਵੀ ਰੁਕਾਵਟ ਪਾਈ ਗਈ ਤਾਂ ਅਸੀਂ ਸਮੁੱਚੇ ਹਿੰਦੂ ਜਗਤ ਨੂੰ ਧਰਮਾਦੇਸ਼ ਦਿਆਂਗੇ ਕਿ ਜਦੋਂ ਤੱਕ ਮੰਦਰ ਦੀ ਉਸਾਰੀ ਨਹੀਂ ਹੋ ਜਾਂਦੀ, ਉਦੋਂ ਤੱਕ ਹਰ ਹਿੰਦੂ ਦਾ ਇਹ ਫਰਜ਼ ਹੋਵੇਗਾ ਕਿ ਉਹ ਗ੍ਰਿਫਤਾਰੀ ਦੇਣੀ ਚਾਹੇ ਤਾਂ ਦੇ ਸਕਦਾ ਹੈ।
ਗੋਲੀ ਖਾਣੀ ਪਈ ਜਾਂ ਜੇਲ ਜਾਣਾ ਪਿਆ, ਰੁਕਾਂਗੇ ਨਹੀਂ
ਧਰਮ ਸੰਸਦ ਦੀ ਅਗਵਾਈ ਕਰ ਰਹੇ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਕਿ ਅਸੀਂ ਹਿੰਦੂਆਂ ਦੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਬਸੰਤ ਪੰਚਮੀ ਤੋਂ ਬਾਅਦ ਪ੍ਰਯਾਗਰਾਜ ਤੋਂ ਅਯੁੱਧਿਆ ਲਈ ਰਵਾਨਾ ਹੋਵਾਂਗੇ। ਸਾਨੂੰ ਜੇ ਗੋਲੀ ਵੀ ਖਾਣੀ ਪਈ ਜਾਂ ਜੇਲ ਵੀ ਜਾਣਾ ਪਿਆ, ਤਦ ਵੀ ਰੁਕਾਂਗੇ ਨਹੀਂ।