ਕੇਜਰੀਵਾਲ ਦਾ ਦਾਅਵਾ, ਪੈਸਿਆਂ ਦੀ ਪੇਸ਼ਕਸ਼ ਕਰ ਦਿੱਲੀ ਸਰਕਾਰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਭਾਜਪਾ

Saturday, Jan 27, 2024 - 07:04 PM (IST)

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਨੇ ਦਿੱਲੀ 'ਚ ਉਸ ਦੇ 7 ਵਿਧਾਇਕਾਂ ਨੂੰ ਪਾਰਟੀ ਛੱਡਣ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ, ਨਾਲ ਹੀ ਕੇਜਰੀਵਾਲ ਸਰਕਾਰ ਨੂੰ ਸੁੱਟਣ ਦੀ ਧਮਕੀ ਵੀ ਦਿੱਤੀ ਹੈ। ਹਾਲਾਂਕਿ ਦਿੱਲੀ ਭਾਜਪਾ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਅਤੇ 'ਆਪ' ਨੂੰ ਉਨ੍ਹਾਂ ਵਿਧਾਇਕਾਂ ਅਤੇ ਉਨ੍ਹਾਂ ਲੋਕਾਂ ਦੇ ਨਾਂ ਦੱਸਣ ਦੀ ਚੁਣੌਤੀ ਦਿੱਤੀ, ਜਿਨ੍ਹਾਂ ਨੇ ਆਫ਼ਰ ਨਾਲ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਐਕਸ' 'ਤੇ ਪੋਸਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ 7 ਵਿਧਾਇਕਾਂ ਨਾਲ 'ਉਨ੍ਹਾਂ ਨੇ' ਸੰਪਰਕ ਕੀਤਾ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ 'ਆਪ' ਕਨਵੀਨਰ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਕੇਜਰੀਵਾਲ ਅਨੁਸਾਰ, ਫ਼ੋਨ ਕਰਨ ਵਾਲਿਆਂ ਨੇ ਦਾਅਵਾ ਕੀਤਾ ਕਿ ਉਹ 21 'ਆਪ' ਵਿਧਾਇਕਾਂ ਦੇ ਸੰਪਰਕ 'ਚ ਹਨ। 'ਆਪ' ਨੇਤਾ ਨੇ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਨੂੰ ਸੁੱਟਣ ਤੋਂ ਬਾਅਦ ਵਿਧਾਇਕਾਂ ਨੂੰ ਚੋਣ ਲੜਨ ਲਈ 25 ਕਰੋੜ ਰੁਪਏ ਅਤੇ ਹਰੇਕ ਨੂੰ ਭਾਜਪਾ ਦਾ ਟਿਕਟ ਦੇਣ ਦਾ ਵਾਅਦਾ ਕੀਤਾ ਸੀ। ਕੇਜਰੀਵਾਲ ਨੇ ਕਿਹਾ ਕਿ 'ਆਪ' ਦੇ ਸਾਰੇ 7 ਵਿਧਾਇਕਾਂ ਨੇ ਪਾਰਟੀ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਦਿੱਲੀ 'ਚ 'ਆਪ' ਸਰਕਾਰ ਨੂੰ ਸੁੱਟਣ ਲਈ ਸ਼ਰਾਬ ਘਪਲੇ ਦੇ ਸਿਲਸਿਲੇ 'ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PunjabKesari

ਕੇਜਰੀਵਾਲ ਨੇ ਕਿਹਾ,''ਸਾਡੀ ਸਰਕਾਰ ਨੂੰ ਸੁੱਟਣ ਲਈ ਪਿਛਲੇ 9 ਸਾਲਾਂ 'ਚ ਇਨ੍ਹਾਂ ਨੇ ਕਈ ਯੋਜਨਾਵਾਂ ਬਣਾਈਆਂ ਪਰ ਇਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਭਗਵਾਨ ਨੇ ਅਤੇ ਜਨਤਾ ਨੇ ਹਮੇਸ਼ਾ ਸਾਡਾ ਸਾਥ ਦਿੱਤਾ। ਸਾਡੇ ਸਾਰੇ ਵਿਧਾਇਕ ਵੀ ਮਜ਼ਬੂਤੀ ਨਾਲ ਖੜ੍ਹੇ ਹਨ। ਇਸ ਵਾਰ ਵੀ ਇਹ ਲੋਕ ਆਪਣੇ ਨਾਪਾਕ ਇਰਾਦਿਆਂ 'ਚ ਅਸਫ਼ਲ ਰਹਿਣਗੇ।'' ਦਿੱਲੀ ਦੀ ਮੰਤਰੀ ਆਤਿਸ਼ੀ ਨੇ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਦੋਸ਼ ਲਗਾਇਆ ਕਿ ਭਾਜਪਾ ਨੇ ਦਿੱਲੀ 'ਚ 'ਆਪਰੇਸ਼ਨ ਲੋਟਸ (ਕਮਲ) 2.0 ਸ਼ੁਰੂ ਕੀਤਾ ਹੈ। ਆਤਿਸ਼ੀ ਨੇ ਕਿਹਾ,''ਉਨ੍ਹਾਂ ਨੇ 'ਆਪ' ਵਿਧਾਇਕਾਂ ਨੂੰ ਪੈਸੇ ਦੀ ਪੇਸ਼ਕਸ਼ ਕਰ ਕੇ ਆਪਣੇ ਪਾਲੇ 'ਚ ਕਰਨ ਦੀ ਇਸੇ ਤਰ੍ਹਾਂ ਦੀ ਕੋਸ਼ਿਸ਼ ਪਿਛਲੇ ਸਾਲ ਵੀ ਕੀਤੀ ਸੀ ਪਰ ਉਹ ਅਸਫ਼ਲ ਰਹੇ।'' ਭਾਜਪਾ ਦੀ ਦਿੱਲੀ ਇਕਾਈ ਦੇ ਸਕੱਤਰ ਹਰੀਸ਼ ਖੁਰਾਨਾ ਨੇ ਆਤਿਸ਼ੀ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ 7 ਵਿਧਾਇਕਾਂ ਅਤੇ ਉਨ੍ਹਾਂ ਲੋਕਾਂ ਦੇ ਨਾਂ ਵੀ ਦੱਸਣ, ਜੋ ਪ੍ਰਸਤਾਵ ਲੈ ਕੇ ਉਨ੍ਹਾਂ ਕੋਲ ਪਹੁੰਚੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News