ਪਹਿਲਗਾਮ ਹਮਲੇ ’ਚ ਮਾਰੇ ਲੈਫਟੀਨੈਂਟ ਦੀ ਪਤਨੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼, AI ਨਾਲ ਬਣਾਈ ਅਸ਼ਲੀਲ ਵੀਡੀਓ, ਪਿਤਾ-ਪੁੱਤਰ...
Sunday, Jun 08, 2025 - 12:03 PM (IST)
            
            ਨੈਸ਼ਨਲ ਡੈਸਕ: ਪਹਿਲਗਾਮ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਹਰਿਆਣਾ ਦੇ ਲੈਫਟੀਨੈਂਟ ਵਿਨੈ ਨਰਵਾਲ ਦੀ ਪਤਨੀ ਦੀ ਨਕਲੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਗੁਰੂਗ੍ਰਾਮ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿੱਚ ਪਿਓ-ਪੁੱਤਰ ਨੂੰ ਬਿਹਾਰ ਦੇ ਗੋਪਾਲਗੰਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ ਹੈ ਕਿ ਦੋਵਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤਕਨਾਲੋਜੀ ਦੀ ਵਰਤੋਂ ਕਰਕੇ ਇਹ ਇਤਰਾਜ਼ਯੋਗ ਵੀਡੀਓ ਬਣਾਈ ਅਤੇ ਇਸਨੂੰ ਯੂਟਿਊਬ 'ਤੇ ਅਪਲੋਡ ਕੀਤਾ।
ਗੁਰੂਗ੍ਰਾਮ ਪੁਲਸ ਨੇ ਬਿਹਾਰ ਪੁਲਿਸ ਦੀ ਸਾਈਬਰ ਟੀਮ ਦੇ ਨਾਲ ਮਿਲ ਕੇ ਗੋਪਾਲਗੰਜ ਜ਼ਿਲ੍ਹੇ ਦੇ ਮੰਝਗੜ੍ਹ ਥਾਣਾ ਖੇਤਰ ਦੇ ਦੋਬਾਲੀਆ ਪਿੰਡ ਦੇ ਵਸਨੀਕ ਮੋਹਿਬੁਲ ਹੱਕ (45) ਅਤੇ ਉਸਦੇ ਪੁੱਤਰ ਗੁਲਾਮ ਜਿਲਾਨੀ (20) ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੇ ਸ਼ਹੀਦ ਦੀ ਪਤਨੀ ਦੀ ਇਹ ਨਕਲੀ ਵੀਡੀਓ ਯੂਟਿਊਬ ਚੈਨਲ 'ਤੇ ਪੋਸਟ ਕੀਤੀ ਸੀ। ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਤਕਨੀਕੀ ਜਾਂਚ ਰਾਹੀਂ ਪਤਾ ਲੱਗਿਆ ਸਥਾਨ ਅਤੇ ਸਰੋਤ
ਗੁਰੂਗ੍ਰਾਮ ਸਾਈਬਰ ਪੁਲਸ ਸਟੇਸ਼ਨ ਵਿੱਚ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ, ਪੁਲਿਸ ਨੇ ਵੀਡੀਓ ਦੀ ਤਕਨੀਕੀ ਜਾਂਚ ਕੀਤੀ। ਇਸ ਜਾਂਚ ਦੌਰਾਨ, ਵੀਡੀਓ ਦੀ ਸਥਿਤੀ ਤੇ ਇਸਦੇ ਸਰੋਤ ਦੀ ਪਛਾਣ ਕੀਤੀ ਗਈ। ਇਸ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਨੇ ਬਿਹਾਰ ਪੁਲਸ ਦੀ ਸਾਈਬਰ ਟੀਮ ਨਾਲ ਤਾਲਮੇਲ ਕੀਤਾ ਤੇ ਮੁਲਜ਼ਮਾਂ ਨੂੰ ਫੜ ਲਿਆ। ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਸਮੇਂ ਵੀਡੀਓ ਬਣਾਉਣ ਵਿੱਚ ਵਰਤੇ ਗਏ ਲੈਪਟਾਪ, ਮੋਬਾਈਲ ਅਤੇ ਹੋਰ ਉਪਕਰਣ ਵੀ ਜ਼ਬਤ ਕੀਤੇ ਗਏ ਹਨ।
ਪਹਿਲਾਂ ਵੀ ਅਜਿਹੇ ਅਪਰਾਧ ਕੀਤੇ ਹਨ
ਪੁਲਸ ਦੀ ਗੁਪਤ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਈਆਂ ਹਨ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਫੈਲਾਇਆ ਹੈ। ਪੁਲਿਸ ਹੁਣ ਉਨ੍ਹਾਂ ਦੇ ਡਿਜੀਟਲ ਰਿਕਾਰਡਾਂ ਅਤੇ ਬੈਂਕਿੰਗ ਗਤੀਵਿਧੀਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਆਈਟੀ ਐਕਟ ਸਮੇਤ ਕਈ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ। ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗੋਪਾਲਗੰਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਟਰਾਂਜ਼ਿਟ ਰਿਮਾਂਡ 'ਤੇ ਗੁਰੂਗ੍ਰਾਮ ਲਿਆਂਦਾ ਗਿਆ ਜਿੱਥੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਇਹ ਮਾਮਲਾ ਨਾ ਸਿਰਫ਼ ਸਾਈਬਰ ਅਪਰਾਧ ਦਾ ਮਾਮਲਾ ਹੈ, ਸਗੋਂ ਇਹ ਸਮਾਜਿਕ ਅਤੇ ਮਨੁੱਖੀ ਸੰਵੇਦਨਾਵਾਂ ਲਈ ਇੱਕ ਗੰਭੀਰ ਝਟਕਾ ਵੀ ਹੈ, ਜਿਸ ਕਾਰਨ ਸੁਰੱਖਿਆ ਏਜੰਸੀਆਂ ਹੁਣ ਹੋਰ ਚੌਕਸ ਹੋ ਗਈਆਂ ਹਨ। ਇਹ ਘਟਨਾ AI ਦੀ ਦੁਰਵਰਤੋਂ ਦੇ ਖ਼ਤਰਿਆਂ ਨੂੰ ਵੀ ਉਜਾਗਰ ਕਰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
